ਬੇਅੰਤ ਸਿੰਘ ਨੂੰ ਮਾਰ ਕੇ ਅਸੀ ਕੋਈ ਗੁਨਾਹ ਨਹੀਂ ਕੀਤਾ ਸਗੋਂ ਸਿੱਖ ਸਿਧਾਂਤਾਂ ਉਤੇ ਪਹਿਰਾ ਦਿੰਦੇ ਨਿਭਾਇਆ ਹੈ ਆਪਣਾ ਕੌਮੀ ਫਰਜ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਬੇਅੰਤ ਸਿੰਘ ਕਤਲ ਕਾਂਡ ਵਿਚ ਨਾਮਜਦ ਬੁੜੈਲ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਤਾਰਾ ਨੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਅਦਾਲਤ ਅੰਦਰ ਆਪਣੇ ਦਿੱਤੇ ਬਿਆਨ ਨੂੰ ਯਾਦ ਕੀਤਾ ਜੋ ਕਿ ਇਸ ਪ੍ਰਕਾਰ ਹੈ “ਜੇ ਜੀਵੈ ਪਤ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥”
ਮਾਨਯੋਗ ਜੱਜ ਸਾਹਿਬ ਜੂਨ 1984 ਚ ਦਿੱਲੀ ਦੇ ਤਖ਼ਤ ਉੱਤੇ ਬੈਠੀ ਇੰਦਰਾ ਗਾਂਧੀ ਵੱਲੋ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਅਤੇ ਇੰਦਰਾ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਹਿੰਦੁਸਤਾਨ ਦੇ ਹੋਰ ਸ਼ਹਿਰਾਂ ਵਿੱਚ ਜੋ ਸਿੱਖ ਕੌਮ ਨਾਲ ਵਾਪਰਿਆ, ਉਸ ਨੇ ਜਕਰੀਆ ਖਾਨ ਤੇ ਔਰੰਗਜੇਬ ਦੇ ਕੀਤੇ ਜੁਲਮਾਂ ਨੂੰ ਵੀ ਮਾਤ ਪਾ ਦਿੱਤੀ।
ਦਰਬਾਰ ਸਾਹਿਬ ਕੰਪਲੈਕਸ ਵਿੱਚ ਅਣਗਿਣਤ ਸਿੰਘ, ਸਿੰਘਣੀਆਂ, ਬਜ਼ੁਰਗਾਂ ਅਤੇ ਮਾਸੂਮ ਬੱਚਿਆਂ ਨੂੰ ਫੌਜ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ, ਇਹ ਕੇਵਲ ਇਮਾਰਤ ਨੂੰ ਢਾਹੁਣਾ ਨਹੀਂ ਸੀ ਬਲਕਿ ਸਿੱਖ ਕੌਮ ਦੀ ਆਣ ਅਤੇ ਅਣਖ ਨੂੰ ਵੰਗਾਰਨਾ ਸੀ।
ਇਸ ਨੂੰ ਸਿੱਖ ਕੌਮ ਕਿਵੇਂ ਬਰਦਾਸ਼ਤ ਕਰ ਸਕਦੀ ਸੀ, ਫਿਰ ਸਿੱਖ ਕੌਮ ਦੇ ਪੰਥ ਦਰਦੀ ਨੌਜਵਾਨਾਂ ਨੇ ਆਪਣੇ ਗੁੱਸੇ ਨੂੰ ਜੁਬਾਨ ਦੇਣ ਲਈ ਅਤੇ ਸਿੱਖ ਕੌਮ ਦੇ ਹੱਕਾਂ ਦੀ ਲੜਾਈ ਦਾ ਸੰਘਰਸ਼ ਕਰਨ ਲਈ ਹਥਿਆਰ ਚੁੱਕ ਲਏ। ਇਸ ਤੋਂ ਬਾਅਦ ਪੰਜਾਬ ਵਿੱਚ ਖਾੜਕੂ ਸਿੰਘਾਂ ਨੂੰ ਖਤਮ ਕਰਨ ਦੇ ਨਾਮ ਹੇਠ ਪੰਜਾਬ ਪੁਲਸ ਵੱਲੋਂ ਸਿੱਖ ਨੌਜਵਾਨਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਪੁਲਸ ਵਾਲੇ ਸਿੱਖਾਂ ਦੀ ਧੰਨ ਸੰਪਤੀ ਲੁੱਟਦੇ ਰਹੇ, ਬੀਬੀਆਂ ਦੀ ਪੱਤ ਲੁੱਟਦੇ ਰਹੇ ਅਤੇ ਬੱਚਿਆਂ ਨੂੰ ਅਗਵਾ ਕਰਕੇ ਫਿਰੌਤੀਆਂ ਲੈ ਕੇ ਰੁਪਏ ਇੱਕੱਠੇ ਕਰਦੇ ਰਹੇ। ਪੁਲਸ ਦੇ ਇਨਾਂ ਜੁਲਮਾਂ ਦਾ ਕਹਿਰ ਲੰਮਾ ਟਾਇਮ ਚਲਦਾ ਰਿਹਾ। ਉਸ ਤੋਂ ਬਾਅਦ 1992 ਚ 7% ਵੋਟਾਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਬੇਅੰਤ ਸਿੰਹੁ ਨੇ ਦਿੱਲੀ ਤਖਤ ਦੇ ਇਸ਼ਾਰੇ ਉੱਤੇ ਸਿੱਖ ਕੌਮ ਦੀ ਨਸਲਕੁਸ਼ੀ ਕਰਨੀ ਆਰੰਭ ਕਰ ਦਿੱਤੀ।
ਬੇਅੰਤ ਸਿੰਹੁ ਨੇ ਪੰਜਾਬ ਚ ਮੀਰ ਮੰਨੂ ਵੱਲੋਂ ਕੀਤੇ ਗਏ ਜੁਲਮਾਂ ਨੂੰ ਵੀ ਮਾਤ ਪਾ ਦਿੱਤੀ। ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਗੱਲ ਤੋਂ ਚੁੱਕ ਕੇ ਲਿਜਾ ਕੇ ਥਰਡ ਡਿਗਰੀ ਤਸੀਹੇ ਦੇਣੇ, ਬਿਜਲੀ ਦੇ ਕਰੰਟ ਲਾਉਣੇ, ਲੱਤਾਂ ਪਾੜਨੀਆਂ, ਘੋਟਣੇ ਲਾਉਣੇ, ਗੁਪਤ ਅੰਗਾਂ ਤੇ ਕਰੰਟ ਲਾਉਣਾ, ਗੁਦਾ ਚ ਮਿਰਚਾਂ ਭਰਨੀਅਓ ਅਤੇ ਪਾਣੀ ਚ ਡੁਬਾਉਣਾ, ਜਦੋਂ ਉਹ ਅੱਧਮੋਏ ਹੋ ਜਾਣ ਜਾਂ ਮਰ ਜਾਣ ਉੱਤੇ ਦਰਿਆ ਵਿੱਚ ਰੋੜ ਦੇਣਾ ਜਾਂ ਅਣਛਪਾਤੇ ਕਰਾਰ ਦੇਕੇ ਸਾੜ ਦੇਣਾ ਆਮ ਗੱਲ ਹੋ ਗਈ ਸੀ।
ਪੁਲਿਸ ਵੱਲੋਂ ਬੀਬੀਆਂ, ਬਜੁਰਗਾਂ, ਅਪਾਹਜਾਂ ਅਤੇ ਮਾਸੂਮ ਬੱਚਿਆਂ ਨੂੰ ਵੀ ਬਖਸ਼ਿਆ ਨਹੀਂ ਗਿਆ। ਉਸ ਸਮੇਂ ਜੇ ਕਿਸੇ ਵਕੀਲ ਜਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਨੇ ਇਸ ਜ਼ਬਰ ਜੁਲਮ ਵਿਰੁੱਧ ਆਵਾਜ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਪਰਿਵਾਰ ਸਮੇਤ ਖਤਮ ਕਰ ਦਿੱਤਾ ਗਿਆ। ਪੰਜਾਬ ਵਿੱਚ ਜੰਗਲ ਰਾਜ ਚੱਲ ਰਿਹਾ ਸੀ, ਪੰਜਾਬ ਦੀ ਧਰਤੀ ਝੂਠੇ ਪੁਲਸ ਮੁਕਾਬਲਿਆਂ ਰੰਗੀ ਜਾ ਰਹੀ ਸੀ। ਹਜ਼ਾਰਾਂ ਨੌਜਵਾਨਾਂ, ਬੀਬੀਆਂ ਅਤੇ ਬਜੁਰਗਾਂ ਨੂੰ ਘਰੋਂ ਚੁੱਕ ਕੇ ਝੂਠੇ ਪੁਲਸ ਮੁਕਾਬਲੇ ਬਣਾ ਕੇ, ਲਾਸ਼ਾਂ ਲਾਵਾਰਿਸ ਕਰਾਰ ਦੇ ਸ਼ਮਸ਼ਾਨ ਘਾਟਾਂ ਚ ਸਾੜੀਆਂ ਜਾ ਰਹੀਆਂ ਜਾਂ ਨਹਿਰਾਂ ਤੇ ਦਰਿਆਵਾਂ ਵਿੱਚ ਰੋੜੀਆਂ ਜਾ ਰਹੀਆਂ ਸਨ।
ਗੱਲ ਕੀ ਹਰ ਪਾਸੇ ਜਬਰ ਜੁਲਮ ਦੀ ਹਨੇਰੀ ਝੂਮ ਰਹੀ ਸੀ। ਸਿੱਖ ਕੌਮ ਦੇ ਹੱਕਾਂ ਲਈ ਲੜੇ ਜਾ ਰਹੇ ਸੰਘਰਸ਼ ਨੂੰ ਦਬਾਉਣ ਲਈ ਕੀਤੇ ਜਾ ਰਹੇ ਇਸ ਦਰਿੰਦਗੀ ਭਰੇ ਕਹਿਰ ਨੂੰ ਅਸੀਂ ਅੱਖੀਂ ਦੇਖਿਆ ਅਤੇ ਹੰਢਾਇਆ ਹੈ। ਜੱਜ ਸਾਹਿਬ ਜਦੋਂ ਬੇਅੰਤ ਸਿੰਹੁ ਦੇ ਜੁਲਮਾਂ ਦੀ ਇੰਤਹਾ ਹੋ ਗਈ ਤਾਂ ਫਿਰ ਅਸੀੰ ਉਸ ਨੂੰ ਮਾਰਨ ਦਾ ਫੈਸਲਾ ਕੀਤਾ ਸੀ। ਇਹ ਫੈਸਲਾ ਅਸੀਂ ਪੂਰੀ ਸੋਚ ਵਿਚਾਰ ਕਰਕੇ, ਸਿੱਖ ਸਿਧਾਤਾਂ ਨੂੰ ਮੁੱਖ ਰੱਖਕੇ ਕੀਤਾ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਹੈ- ਚੂੰਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥ ਕਿ ਜਦੋਂ ਸਾਰੇ ਹੀਲੇ ਉਪਾਵਾਂ ਤੋਂ ਗੱਲ ਲੰਘ ਜਾਵੇ ਤਾਂ ਹੱਥ ਚ ਤਲਵਾਰ ਉਠਾਉਣਾ ਜਾਇਜ਼ ਹੈ।
ਜੱਜ ਸਾਹਿਬ ਸਿੱਖ ਨੌਜਵਾਨੀ ਦੇ ਕਾਤਲ ਬੇਅੰਤੇ ਪਾਪੀ ਨੂੰ 31 ਅਗਸਤ ਵਾਲੇ ਦਿਨ ਮਾਰਨ ਜਾਣ ਵੇਲੇ, ਮੈਂ ਭਾਈ ਦਿਲਾਵਰ ਸਿੰਘ ਅਤੇ ਭਾਈ ਬਲਵੰਤ ਸਿੰਘ ਦੇ ਨਾਲ ਸੀ। ਬੇਅੰਤ ਸਿੰਹੁ ਨੂੰ ਮਾਰਨ ਦਾ ਸਾਨੂੰ ਕਿਸੇ ਤਰਾਂ ਦਾ ਕੋਈ ਪਛਤਾਵਾ ਜਾਂ ਅਫਸੋਸ ਨਹੀਂ ਹੈ ਪਰ ਨਾਲ ਮਾਰੇ ਗਏ ਬੇਕਸੂਰ ਬੰਦਿਆਂ ਦਾ ਦੁੱਖ ਜਰੂਰ ਹੈ। ਜੱਜ ਸਾਹਿਬ ਵੀਰ ਦਿਲਾਵਰ ਸਿੰਘ ਨੂੰ ਸੈਕਟਰੀਏਟ ਛੱਡ ਕੇ ਜਾਣ ਵੇਲੇ ਮੈ ਉਸ ਨਾਲ ਵਾਅਦਾ ਕੀਤਾ ਸੀ ਕਿ ਵੀਰ ਤੂੰ ਇਹ ਨਾ ਸੋਚੀਂ ਕੇ ਤੇਰੇ ਸ਼ਹੀਦ ਹੋ ਜਾਣ ਤੋਂ ਬਾਦ ਅਸੀ ਆਰਾਮ ਨਾਲ ਬੈਠ ਜਾਵਾਂਗੇ । ਮੈ ਵਾਅਦਾ ਕਰਦਾ ਹਾਂ ਕਿ ਅਸੀਂ ਆਪਣੇ ਖੂਨ ਦੇ ਆਖਰੀ ਕਤਰੇ ਤੱਕ ਸਿੱਖ ਕੌਮ ਦੇ ਸੰਘਰਸ਼ ਦੀ ਲੜਾਈ ਜਾਰੀ ਰੱਖਾਂਗੇ।
ਮੈ ਅਪਣੇ ਕੀਤੇ ਹੋਏ ਉਸ ਵਾਅਦੇ ਉੱਤੇ ਅੱਜ ਵੀ ਕਾਇਮ ਹਾਂ ਅਤੇ ਰਹਾਂਗਾ। ਮੇਰਾ ਸਰੀਰ ਸਿੱਖ ਕੌਮ ਦੀ ਅਮਾਨਤ ਹੈ ਅਸੀ ਹਿੰਦੁਸਤਾਨੀ ਸਿਸਟਮ ਚ ਗ਼ੁਲਾਮ ਹਾਂ। ਜਦੋਂ ਤਕ ਅਸੀਂ ਆਪਣਾ ਕੌਮੀ ਘਰ ਬਣਾਉਣ ਦਾ ਸੁਪਨਾ ਪੂਰਾ ਨਹੀਂ ਕਰ ਲੈਂਦੇ ਤਦ ਤਕ ਸਿੱਖ ਕੌਮ ਦੇ ਹੱਕਾਂ ਦੇ ਸੰਘਰਸ਼ ਦੀ ਜੱਦੋ ਜਹਿਦ ਜਾਰੀ ਰੱਖਾਂਗੇ। ਜੱਜ ਸਾਹਿਬ ਬੇਅੰਤ ਸਿੰਘ ਨੂੰ ਮਾਰ ਕੇ ਅਸੀ ਕੋਈ ਗੁਨਾਹ ਨਹੀਂ ਕੀਤਾ ਸਗੋਂ ਸਿੱਖ ਸਿਧਾਂਤਾਂ ਉਤੇ ਪਹਿਰਾ ਦਿੰਦੇ ਹੋਏ ਆਪਣੇ ਪੁਰਖਿਆਂ ਦੀ ਰਿਵਾਇਤ ਨੂੰ ਅੱਗੇ ਤੋਰਦੇ ਹੋਏ ਆਪਣਾ ਬਣਦਾ ਕੌਮੀ ਫਰਜ ਨਿਭਾਇਆ ਹੈ ਜੇ ਤੁਹਾਡੀ ਨਜ਼ਰ ਵਿੱਚ ਇਹ ਗੁਨਾਹ ਹੈ ਤਾਂ ਸਾਨੂੰ ਆਪਣੇ ਕੀਤੇ ਹੋਏ ਇਸ ਗੁਨਾਹ ਉੱਤੇ ਮਾਣ ਹੈ ਅਸੀਂ ਇਹ ਗੁਨਾਹ ਵਾਰ ਵਾਰ ਕਰਦੇ ਰਹਾਂਗੇ ਅਤੇ ਸਿੱਖ ਕੌਮ ਦੀ ਆਉਣ ਵਾਲੀ ਪੀੜ੍ਹੀ ਸਿੱਖ ਸਿਧਾਂਤਾਂ ਨੂੰ ਬਰਕਰਾਰ ਰੱਖਦੇ ਹੋਏ ਇਹੋ ਜਹੇ ਗੁਨਾਹ ਕਰਦੀ ਰਹੇਗੀ। ਸ਼ਹੀਦ ਭਾਈ ਦਿਲਾਵਰ ਸਿੰਘ ਜਿੰਦਾਬਾਦ।


