(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਰਾਜ ਸਭਾ ਮੈਂਬਰ ਡਾ: ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਟਰੈਵਲ ਏਜੰਟਾਂ ਵਿਰੁੱਧ ਹਾਲ ਹੀ ਵਿੱਚ ਕੀਤੀ ਗਈ ਫੈਸਲਾਕੁੰਨ ਕਾਰਵਾਈ ਲਈ ਪੰਜਾਬ ਪੁਲਿਸ ਦੀ ਸ਼ਲਾਘਾ ਕੀਤੀ ਹੈ। ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਗੈਰ-ਕਾਨੂੰਨੀ ਤੌਰ ‘ਤੇ ਵਿਦੇਸ਼ੀ ਰੁਜ਼ਗਾਰ ਦੇ ਮੌਕਿਆਂ ਦੀ ਮਸ਼ਹੂਰੀ ਕਰਨ ਬਦਲੇ ਹੁਣ ਤੱਕ 43 ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜੋ ਮਨੁੱਖੀ ਤਸਕਰੀ ਵਿਰੁੱਧ ਚੱਲ ਰਹੀ ਜੰਗ ਵਿੱਚ ਇੱਕ ਅਹਿਮ ਕਦਮ ਹੈ।
ਡਾ: ਸਾਹਨੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਗੈਰ-ਕਾਨੂੰਨੀ ਏਜੰਟਾਂ ਵਿਰੁੱਧ ਕਾਰਵਾਈ ਦੀ ਵਕਾਲਤ ਕਰ ਰਹੇ ਹਨ ਅਤੇ ਪਿਛਲੇ ਇੱਕ ਸਾਲ ਤੋਂ ਸੰਸਦ ਦੇ ਅੰਦਰ ਅਤੇ ਬਾਹਰ ਇਸ ਮੁੱਦੇ ਨੂੰ ਉਠਾਉਂਦੇ ਆ ਰਹੇ ਹਨ।
ਡਾ: ਸਾਹਨੀ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਇੱਕ ਸਟਿੰਗ ਆਪ੍ਰੇਸ਼ਨ ਵੀ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਵਿੱਚ ਪਾਬੰਦੀਸ਼ੁਦਾ ਏਜੰਟਾਂ ਵਲੋਂ ਨਿਰੰਤਰ ਗਤੀਵਿਧੀਆਂ ਜਾਰੀ ਰੱਖੇ ਜਾਣ ਦਾ ਖੁਲਾਸਾ ਹੋਇਆ ਸੀ, ਜਿਸ ਤੋਂ ਬਾਅਦ ਇਨ੍ਹਾਂ ਗ਼ੈਰ ਕਾਨੂੰਨੀ ਏਜੰਟਾਂ ਦੀ ਸੂਚੀ ਵਾਲਾ ਇੱਕ ਵਿਆਪਕ ਡੋਜ਼ੀਅਰ 18 ਜੂਨ,2023 ਵਿਚ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਨੂੰ ਸੌਂਪਿਆ ਗਿਆ ਸੀ।
ਡਾ: ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਵਿਦੇਸ਼ਾਂ ‘ਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ‘ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਸ ਸਿਲਸਿਲੇ ਵਿਚ ਪੰਜਾਬ ਦੀਆਂ 100 ਦੇ ਕਰੀਬ ਔਰਤਾਂ ਨੂੰ ਮੱਧ ਪੂਰਬ ਤੋਂ ਬਾਹਰ ਕੱਢਿਆ ਗਿਆ ਹੈ.
ਡਾ: ਸਾਹਨੀ ਨੇ ਆਮ ਲੋਕਾਂ ਨੂੰ ਚੌਕਸ ਰਹਿਣ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜਾਅਲੀ ਟਰੈਵਲ ਏਜੰਟ ਭੋਲੇ-ਭਾਲੇ ਨੌਜਵਾਨਾਂ ਨੂੰ ਵਿਦੇਸ਼ਾਂ ‘ਚ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਠੱਗਦੇ ਹਨ, ਪਰ ਉਨ੍ਹਾਂ ਨੂੰ ਰੂਸ, ਲੀਬੀਆ, ਗ੍ਰੀਸ ਆਦਿ ਦੇਸ਼ਾਂ ‘ਚ ਅੱਧ-ਵਿਚਾਲੇ ਹੀ ਛੱਡ ਦਿੰਦੇ ਹਨ।