(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਬੈਲਜੀਅਮ ਸਥਿਤ ਇਨ ਫਲੈਂਡਰਜ਼ ਫੀਲਡ ਮਿਊਜ਼ੀਅਮ (ਵਾਈਪਰਸ) ਅਤੇ ਚੰਡੀਗੜ੍ਹ ਸਥਿਤ ਸਿੱਖ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ 26 ਅਪ੍ਰੈਲ ਤੋਂ ਵਿਸ਼ਵ ਪੱਧਰ ‘ਤੇ ਬੈਲਜੀਅਮ ‘ਚ ਜੰਗਾਂ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਸਿੱਖ ਫੌਜੀਆਂ ਦੀ ਯਾਦ ‘ਚ ਤਿੰਨ ਰੋਜ਼ਾ ਅਖੰਡ ਪਾਠ ਸਾਹਿਬ ਕਰਵਾਇਆ ਜਾ ਰਿਹਾ ਹੈ।
ਖ਼ਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮੌਕੇ ਅਜਾਇਬ ਘਰ ਪ੍ਰਬੰਧਕਾਂ ਨੇ ਇਹ ਧਾਰਮਿਕ ਸਮਾਗਮ ਆਪਣੇ ਅਜਾਇਬ ਘਰ ਅਤੇ ਸੈਕਟਰ 34 ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ 26 ਤੋਂ 28 ਅਪ੍ਰੈਲ ਤੱਕ ਕਰਵਾਉਣ ਦਾ ਐਲਾਨ ਕੀਤਾ ਹੈ।

ਸ਼ੇਰ ਸਿੰਘ, ਐਸੋਸੀਏਟ, ਇਨ ਫਲੈਂਡਰਜ਼ ਫੀਲਡਜ਼ ਮਿਊਜ਼ੀਅਮ ਨੇ ਬੈਲਜੀਅਮ ਤੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬੈਲਜੀਅਮ ਦੇ ਲੋਕ ਹਮੇਸ਼ਾ ਉਨ੍ਹਾਂ ਸਿੱਖ ਫੌਜੀਆਂ ਦੇ ਧੰਨਵਾਦੀ ਰਹਿਣਗੇ ਜਿਨ੍ਹਾਂ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਜਰਮਨੀ, ਆਸਟਰੀਆ-ਹੰਗਰੀ, ਬੁਲਗਾਰੀਆ ਅਤੇ ਓਟੋਮੈਨ ਸਾਮਰਾਜ ਦੀਆਂ ਸਾਂਝੀਆਂ ਕੇਂਦਰੀ ਸ਼ਕਤੀਆਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ। ਉਨ੍ਹਾਂ ਵਲੋਂ ਬਹਾਦਰੀ ਨਾਲ ਕੀਤੀ ਗਈ ਜੰਗ ਨੇ ਬੈਲਜੀਅਮ ਨੂੰ ਜਰਮਨ ਦੇ ਕਬਜ਼ੇ ਤੋਂ ਬਚਾਉਣ ਵਿੱਚ ਮਦਦ ਕੀਤੀ। ਸ਼ੇਰ ਸਿੰਘ ਨੇ ਕਿਹਾ ਕਿ ਵਾਈਪਰਸ ਭਾਰਤੀ ਅਤੇ ਬੈਲਜੀਅਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਪੜਾਅ ਹੈ ਜਿੱਥੇ ਬਦਕਿਸਮਤੀ ਨਾਲ ਦੋ ਵੱਡੀਆਂ ਜੰਗਾਂ ਵਿੱਚ ਲਗਭਗ 1.5 ਲੱਖ ਸਿੱਖ/ਪੰਜਾਬੀ ਸੈਨਿਕਾਂ ਨੇ ਆਪਣੀ ਜਾਨ ਗਵਾਈ। ਉਨ੍ਹਾਂ ਦੀ ਬਹਾਦਰੀ ਦੇ ਕਿੱਸੇ ਬੈਲਜੀਅਮ ਵਿੱਚ ਅਮਰ ਰਹਿਣਗੇ। ਇਹ ਅਖੰਡ ਪਾਠ ਸਾਹਿਬ ਵਿਸਾਖੀ ਦੇ ਪਵਿੱਤਰ ਮਹੀਨੇ ਵਿੱਚ ਬੈਲਜੀਅਮ ਦੁਆਰਾ ਉਨ੍ਹਾਂ ਨੂੰ ਦਿੱਤੀ ਜਾ ਰਹੀ ਇੱਕ ਸ਼ਰਧਾਂਜਲੀ ਹੈ ।

ਇਸ ਮੌਕੇ ‘ਤੇ ਬੋਲਦਿਆਂ ਬ੍ਰਿਗੇਡੀਅਰ ਜੀਜੇ ਸਿੰਘ (ਸੇਵਾਮੁਕਤ) ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਦੁਨੀਆ ਦੇ ਦੋ ਵੱਖ-ਵੱਖ ਹਿੱਸਿਆਂ ਭਾਰਤ ਅਤੇ ਯੂਰਪ ਵਿਚ ਸੈਨਿਕਾਂ ਪ੍ਰਤੀ ਉਦਾਸੀਨਤਾ ‘ਤੇ ਵੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਦਸਿਆ ਕਿ ਓਹ ਪਿਛਲੇ ਸਾਲ, ਡੋਮਿਨਿਕ ਡੇਨਡੋਵਨ, ਡਾਇਰੈਕਟਰ, ਇਨ ਫਲੈਂਡਰਜ਼ ਫੀਲਡਜ਼ ਮਿਊਜ਼ੀਅਮ ਦੇ ਨਾਲ, ਅੰਮ੍ਰਿਤਸਰ ਨੇੜੇ ਸੁਲਤਾਨਵਿੰਡ ਗਏ ਸਨ ਅਤੇ ਸ਼ਹੀਦ ਸਿੱਖ/ਪੰਜਾਬੀ ਫੌਜੀਆਂ ਦੇ ਪਰਿਵਾਰਾਂ ਨੂੰ ਮਿਲੇ ਸਨ। ਸਮਾਜ ਅਤੇ ਸਰਕਾਰ ਦੁਆਰਾ ਇਹਨਾਂ ਪਰਿਵਾਰਾਂ ਦੀ ਅਣਦੇਖੀ ਅਤੇ ਇੱਥੋਂ ਤੱਕ ਕਿ ਅੰਗਰੇਜ਼ਾਂ ਦੁਆਰਾ ਉਹਨਾਂ ਦੇ ਸਨਮਾਨ ਵਿੱਚ ਬਣਾਈਆਂ ਗਈਆਂ ਯਾਦਗਾਰਾਂ ਨੂੰ ਵੀ ਅਣਗੌਲਿਆ ਕਰਨਾ ਹੁਣ ਸ਼ਹੀਦ ਸੈਨਿਕਾਂ ਦਾ ਅਪਮਾਨ ਜਾਪਦਾ ਹੈ ।
ਦੂਜੇ ਪਾਸੇ, ਬੈਲਜੀਅਮ ਵਿੱਚ, ਉਨ੍ਹਾਂ ਸੈਨਿਕਾਂ ਦੀ ਯਾਦ ਵਿੱਚ ਸ਼ਾਨਦਾਰ ਸਮਾਰਕ ਬਣਾਏ ਗਏ ਹਨ ਅਤੇ ਹਰ ਸ਼ਾਮ ਨੂੰ ਉੱਥੇ ਰੀਟਰੀਟ ਦੇ ਨਾਲ ਸਨਮਾਨ ਚਿੰਨ੍ਹ ਦਿੱਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਹਜ਼ਾਰਾਂ ਪਰਿਵਾਰ ਅਜਿਹੇ ਹਨ ਜੋ ਪਹਿਲੇ ਵਿਸ਼ਵ ਯੁੱਧ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਹਰ ਸਾਲ ‘ਯਾਦਗਾਰੀ ਪ੍ਰੋਗਰਾਮ’ ਕਰਵਾਇਆ ਜਾਣਾ ਚਾਹੀਦਾ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version