(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

         

ਨਿਊਯਾਰਕ ਦੇ ਵਾਰਡਨ ਸਿਟੀ ਪਾਰਕ ਤੋਂ ਇਕ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਥੇ ਇਕ ਮਹਿਲਾ ਵੱਲੋਂ ਗੁਰੂ ਘਰ ਤੋਂ ਆਪਣੇ ਘਰ ਸਹਿਜ ਪਾਠ ਰਖਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਗਈ ਪਰ ਬਾਅਦ ਵਿਚ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਘਰ ਨੂੰ ਵਾਪਿਸ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ।

ਜਾਣਕਾਰੀ ਦੇ ਅਨੁਸਾਰ 37 ਸਾਲਾ ਪ੍ਰਭਲੀਨ ਕੌਰ ਜੋ ਕਿ 4-5 ਹਫਤਿਆਂ ਤੋਂ ਗੁਰਦੁਆਰਾ ਗਿਆਨਸਰ ਸਾਹਿਬ ਰਾਮਗੜੀਆ ਸਿੱਖ ਸੁਸਾਇਟੀ ਫਾਰ ਨਿਊਯਾਰਕ ਵਿਖੇ ਰੋਜ ਸੇਵਾ ਕਰਨ ਜਾਂਦੀ ਸੀ ਉਸਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਗੁਲਜ਼ਾਰ ਸਿੰਘ ਨੂੰ ਆਪਣੇ ਘਰ ਸਹਿਜ ਪਾਠ ਰਖਵਾਉਣ ਦੀ ਗੱਲ ਕੀਤੀ ਜਿਸ ਤੋਂ ਬਾਅਦ ਗੁਰੂ ਘਰ ਤੋਂ ਸ੍ਰੀ ਗੁਰੂ ਗੁਰ ਸਾਹਿਬ ਜੀ ਉਸ ਦੇ ਘਰ ਪਹੁੰਚਾਏ ਗਏ ਪਰ ਜਦੋ ਬਾਅਦ ਵਿਚ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਪਿਸ ਗੁਰੂ ਘਰ ਲੈ ਕੇ ਜਾਣ ਲਈ ਪਹੁੰਚੇ ਤਾਂ ਪ੍ਰਭਲੀਨ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਣ ਤੋਂ ਮਨਾ ਕਰ ਦਿੱਤਾ।

ਨਿਊਯੌਰਕ ਵਿਚ ਸਾਂਝਾ ਪੰਜਾਬ ਟੀਵੀ ਵੱਲੋਂ ਇਸ ਖ਼ਬਰ ਨੂੰ ਚਲਾਇਆ ਗਿਆ ਤਾਂ ਸਤਿਕਾਰ ਕਮੇਟੀ ਅਤੇ ਸਿੱਖ ਸੰਗਤਾਂ ਨੇ ਪ੍ਰਭਲੀਨ ਕੌਰ ਦੇ ਘਰ ਦੇ ਬਾਹਰ ਦਿਨ ਰਾਤ ਪਹਿਰਾ ਦਿੱਤਾ ਤਾਂ ਜੇ ਕੋਈ ਮੰਦਭਾਗੀ ਘਟਨਾ ਨਾ ਵਾਪਰ ਜਾਵੇ। ਇਸ ਮਾਮਲੇ ਵਿਚ ਨਸਾਓ ਕਾਉਂਟੀ ਪੁਲਿਸ ਵਿਚ ਵੀ ਸ਼ਿਕਾਇਤ ਕੀਤੀ ਗਈ ਜਿਸ ਤੋਂ ਬਾਅਦ ਜੱਜ ਸਾਹਿਬ ਨੇ ਪੁਲਿਸ ਨੂੰ ਸਰਚ ਵਾਰੰਟ ਦੇ ਕੇ ਘਰ ਵਿਚ ਤਲਾਸ਼ੀ ਲੈਣ ਦੀ ਇਜ਼ਾਜਤ ਦਿੱਤੀ। ਪੁਲਿਸ ਨੇ ਦੱਸਿਆ ਕਿ ਅਧਿਕਾਰੀ ਬੁਧਵਾਰ ਨੂੰ ਗਾਰਡਨ ਸਿਟੀ ਦੀ ਪ੍ਰਭਲੀਨ ਕੌਰ ਦੇ ਘਰ ਗਏ ਪਰ ਉਸਨੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਜਿਸ ਉਪਰੰਤ ਪੁਲਿਸ ਦੀ ਐਮਰਜੈਂਸੀ ਸਰਵਿਸ ਯੂਨਿਟ ਦੇ ਅਧਿਕਾਰੀ ਪ੍ਰਭਲੀਨ ਕੌਰ ਦੇ ਘਰ ਦਾਖਲ ਹੋਏ ਅਤੇ ਬਿਨਾਂ ਕਿਸੇ ਦੁਖਾਂਤ ਘਟਨਾ ਦੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਨੇ ਉਸ ਦੇ ਘਰ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਮਦ ਕਰ ਲਏ ਅਤੇ ਸਤਿਕਾਰ ਕਮੇਟੀ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਨਾਲ ਗੁਰੂ ਘਰ ਬਿਰਾਜਮਾਨ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਕੌਰ ਨੂੰ ਦਿਮਾਰੀ ਜਾਂਚ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਪ੍ਰਭਲੀਨ ਕੌਰ ‘ਤੇ ਚੌਥੇ ਦਰਜੇ ਦੀ ਵੱਡੀ ਲੁੱਟ ਦਾ ਦੋਸ਼ ਲਗਾਇਆ ਗਿਆ ਹੈ । ਉਸ ਨੂੰ ਪਹਿਲੀ ਜਿਲ੍ਹਾ ਅਦਾਲਤ, 99 ਮੈਨ ਸੇਂਟ, ਹੈਂਪਸਟੋਡ ਵਿਖੇ ਪੇਸ਼ ਕੀਤਾ ਜਾਵੇਗਾ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version