(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਤਾਂ ਹਰ ਤਰ੍ਹਾਂ ਦੀਆਂ ਜੰਗਾਂ-ਯੁੱਧਾਂ ਦੇ ਇਸ ਲਈ ਪੂਰਨ ਤੌਰ ਤੇ ਵਿਰੁੱਧ ਹੈ ਕਿਉਂਕਿ ਜੰਗਾਂ-ਯੁੱਧਾਂ ਨਾਲ ਤਾਂ ਨਿਰਦੋਸ਼ਾਂ, ਮਾਸੂਮਾਂ ਦੀਆਂ ਅਜਾਈ ਜਾਨਾਂ ਜਾਂਦੀਆ ਹਨ ਅਤੇ ਇਸਦੇ ਨਾਲ ਹੀ ਇਨਸਾਨੀਅਤ ਅਤੇ ਮਾਲੀ ਹਾਲਾਤਾਂ ਨੂੰ ਵੀ ਵੱਡੀ ਡੂੰਘੀ ਸੱਟ ਪਹੁੰਚਦੀ ਹੈ । ਜਦੋ ਅਸੀ ਕਿਸੇ ਤਰ੍ਹਾਂ ਦੀ ਜੰਗ ਦੇ ਹੱਕ ਵਿਚ ਨਹੀ ਹਾਂ ਅਤੇ ਨਿਰਪੱਖ ਹਾਂ, ਫਿਰ ਹੁਣ ਜ਼ਬਰੀ ਪੰਜਾਬੀਆਂ ਤੇ ਕਸ਼ਮੀਰੀਆਂ ਉਤੇ ਥੋਪੀ ਜਾ ਰਹੀ ਜੰਗ ਵਿਚ ਪਾਕਿਸਤਾਨ ਫ਼ੌਜ ਜਾਂ ਇੰਡੀਅਨ ਫ਼ੌਜ ਵੱਲੋ ਰਜੌਰੀ ਤੇ ਪੂੰਛ ਵਿਚ ਗੁਰੂਘਰਾਂ ਤੇ ਸਿੱਖ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਸਿੱਖਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੇ ਅਣਮਨੁੱਖੀ ਗੈਰ ਇਨਸਾਨੀ ਅਮਲ ਕਿਉਂ ਕੀਤੇ ਜਾ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੂਛ ਤੇ ਰਜੌਰੀ ਵਿਚ ਇੰਡੀਆ ਤੇ ਪਾਕਿਸਤਾਨ ਦੀ ਸੁਰੂ ਹੋਈ ਜੰਗ ਵਿਚ ਗੁਰੂਘਰਾਂ ਅਤੇ ਸਿੱਖ ਪਰਿਵਾਰਾਂ ਨੂੰ ਨਿਸ਼ਾਨਾਂ ਬਣਾਏ ਜਾਣ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਗੈਰ ਇਨਸਾਨੀ ਅਮਲ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਤੱਕ ਜਦੋ ਪਹਿਲਗਾਮ ਵਿਚ 26 ਜਾਨਾਂ ਦੇ ਮਾਰੇ ਜਾਣ ਵਾਲੇ ਦੁਖਾਂਤ ਦੇ ਪਿੱਛੇ ਕਿਹੜੀ ਤਾਕਤ ਤੇ ਸਾਜਿਸ ਹੈ, ਉਸਦਾ ਹੀ ਸੱਚ ਸਾਹਮਣੇ ਨਹੀ ਆਇਆ ਤਾਂ ਗੋਦੀ ਤੇ ਹਿੰਦੂਤਵ ਮੀਡੀਏ ਉਤੇ ਬਿਨ੍ਹਾਂ ਕਿਸੇ ਤੱਥਾਂ ਤੇ ਗੁਆਢੀ ਮੁਲਕ ਪਾਕਿਸਤਾਨ ਉਤੇ ਦੋਸ਼ ਲਗਾਉਣ ਦਾ ਪ੍ਰਚਾਰ ਕਰਕੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਨਿਰਦੋਸ਼ ਮਾਸੂਮ ਨਿਵਾਸੀਆ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰਦੇ ਹੋਏ ਜੰਗ ਲਗਾਉਣ ਦੀ ਕੋਈ ਦਲੀਲ ਤੁੱਕ ਨਹੀ ਬਣਦੀ।
ਫਿਰ ਜੋ ਕੌਮ ਨਾ ਪਾਕਿਸਤਾਨੀਆਂ ਵੱਲੋ ਕੀਤੀ ਜਾਣ ਵਾਲੀ ਜੰਗ ਦੇ ਹੱਕ ਵਿਚ ਹੈ ਨਾ ਹੀ ਇੰਡੀਆ ਵੱਲੋ ਲਗਾਈ ਗਈ ਜੰਗ ਦੇ ਹੱਕ ਵਿਚ ਹੈ । ਫਿਰ ਉਨ੍ਹਾਂ ਨੂੰ ਨਿਸ਼ਾਨਾਂ ਬਣਾਕੇ ਮੌਤ ਦੇ ਮੂੰਹ ਵਿਚ ਧਕੇਲਣ ਦੇ ਅਮਲ ਅਤੇ ਸਾਡੇ ਗੁਰੂਘਰਾਂ ਉਤੇ ਬੰਬਾਰਮੈਂਟ ਕਰਨ ਦੀ ਕਾਰਵਾਈ ਗੈਰ ਇਨਸਾਨੀਅਤ, ਗੈਰ ਧਾਰਮਿਕ ਅਤੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕਰਨ ਵਾਲੇ ਕੌਮਾਂਤਰੀ ਨਿਯਮਾਂ ਦਾ ਘਾਣ ਕਰਨ ਦੇ ਤੁੱਲ ਕਾਰਵਾਈਆ ਹਨ । ਸ. ਮਾਨ ਨੇ ਕੌਮਾਂਤਰੀ ਪੱਧਰ ਦੀ ਯੂ.ਐਨ. ਸੰਸਥਾਂ ਨੂੰ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਇਹ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਜਦੋ ਸਿੱਖ ਕੌਮ ਦਾ ਇਸ ਜੰਗ ਵਿਚ ਕੋਈ ਦਿਲਚਸਪੀ ਨਹੀ ਅਤੇ ਨਾ ਹੀ ਅਜਿਹੇ ਗੈਰ ਇਨਸਾਨੀ ਅਮਲਾਂ ਦੇ ਹੱਕ ਵਿਚ ਹੈ ਫਿਰ ਪੂੰਛ ਤੇ ਰਜੌਰੀ (ਜੰਮੂ ਕਸਮੀਰ) ਵਿਚ ਪਾਕਿਸਤਾਨ ਫ਼ੌਜ ਵੱਲੋ ਜਾਂ ਇੰਡੀਆ ਫ਼ੌਜ ਵੱਲੋ ਹੋਈ ਬੰਬਾਰਮੈਟ ਜਾਂ ਗੋਲਾਬਾਰੀ ਦੌਰਾਨ ਜੋ ਗੁਰੂਘਰ ਤੇ ਸਿੱਖ ਪਰਿਵਾਰਾਂ ਨੂੰ ਨਿਸ਼ਾਨਾਂ ਬਣਾਕੇ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ ਹੈ, ਉਸਦੀ ਨਿਰਪੱਖਤਾ ਨਾਲ ਜਾਂਚ ਵੀ ਕੀਤੀ ਜਾਵੇ ਅਤੇ ਸਿੱਖ ਕੌਮ ਉਤੇ ਹੋ ਰਹੇ ਇਸ ਜ਼ਬਰ ਜੁਲਮ ਨੂੰ ਤੁਰੰਤ ਰੋਕਣ ਲਈ ਇੰਡੀਆ ਤੇ ਪਾਕਿਸਤਾਨ ਦੀਆਂ ਹਕੂਮਤਾਂ ਨੂੰ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਧੀਨ ਕਾਰਵਾਈ ਕਰਦੇ ਹੋਏ ਇਹ ਜ਼ਬਰ ਬੰਦ ਕਰਵਾਇਆ ਜਾਵੇ। ਤਾਂ ਕਿ ਇਸ ਜੰਗ ਵਿਚ ਕੋਈ ਵੀ ਮੁਲਕ ਜਾਂ ਫ਼ੌਜ ‘ਸਰਬੱਤ ਦਾ ਭਲਾ’ ਲੋੜਨ ਵਾਲੀ ਅਤੇ ਇਨਸਾਨੀਅਤ ਕਦਰਾਂ ਕੀਮਤਾਂ ਦੀ ਹਾਮੀ ਸਿੱਖ ਕੌਮ ਦਾ ਕਿਸੇ ਵੀ ਰੂਪ ਵਿਚ ਜਾਨੀ-ਮਾਲੀ ਨੁਕਸਾਨ ਕਰਨ ਦੀ ਗੁਸਤਾਖੀ ਨਾ ਕਰ ਸਕੇ।