ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਯਾਫ਼ਤਾ ਅਤੇ ਚੇਤਾਵਨੀ ਮਿਲੇ ਵਿਅਕਤੀ ਐਸਜੀਪੀਸੀ ਦੇ ਅਧਿਕਾਰਿਤ ਫੰਕਸ਼ਨਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਉਣ ਲੱਗ ਪਏ, ਤਾਂ ਕੀ ਇਹ ਪੰਥਕ ਇਨਸਾਫ਼ ਦੀ ਸਿੱਧੀ ਉਲੰਘਣਾਂ ਨਹੀ: ਭਾਈ ਪੱਧਰੀ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਅਕਾਲੀ ਦਲ “ਵਾਰਿਸ ਪੰਜਾਬ ਦੇ” ਦੀ ਅੰਮ੍ਰਿਤਸਰ ਕਾਰਜਕਾਰਨੀ ਕਮੇਟੀ ਵੱਲੋਂ ਐਸਜੀਪੀਸੀ ਸਕੱਤਰ ਪ੍ਰਤਾਪ ਸਿੰਘ ਬਾਜਵਾ ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਅੱਜ ਅਕਾਲੀ ਦਲ “ਵਾਰਿਸ ਪੰਜਾਬ ਦੇ” ਅੰਮ੍ਰਿਤਸਰ ਦੀ ਪੰਜ ਮੈਂਬਰੀ ਕਮੇਟੀ ਮੈਂਬਰ ਭਾਈ ਸ਼ਮਸ਼ੇਰ ਸਿੰਘ ਪੱਧਰੀ ਵੱਲੋਂ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਵਿੱਚ ਉਹਨਾਂ ਕਿਹਾ ਕਿ ਇਕ ਵੱਡੀ ਚਿੰਤਾਜਨਕ ਘਟਨਾਂ ਸਾਹਮਣੇਂ ਆਈ ਹੈ ਜਿੱਥੇ ਸਾਬਕਾ ਅਕਾਲੀ ਐਮ ਐਲ ਏ ਸ੍ਰ ਵਿਰਸਾ ਸਿੰਘ ਵਲਟੋਹਾ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਤੇ 10 ਸਾਲ ਲਈ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੱਢੇ ਗਏ ਹਨ ਅਤੇ ਸਜ਼ਾ ਯਾਫ਼ਤਾ ਹਨ ਤੋਂ ਐਸਜੀਪੀਸੀ ਸਕੱਤਰ ਸ੍ਰ ਪ੍ਰਤਾਪ ਸਿੰਘ ਬਾਜਵਾ ਦੇ ਦਫ਼ਤਰ ਵਿੱਚ ਐਸਜੀਪੀਸੀ ਦੇ ਹੀ ਚੀਫ ਅਕਾਉਂਟੈਂਟ ਸ੍ਰ ਮਿਲਖਾ ਸਿੰਘ ਨੂੰ ਉਹਨਾਂ ਦੀ ਸੇਵਾਮੁਕਤੀ ਸਮੇਂ ਐਸਜੀਪੀਸੀ ਸਕੱਤਰੇਤ ਵਿਖੇ ਸਨਮਾਨਿਤ ਕਰਵਾਇਆ ਗਿਆ ਜੋਕਿ ਐਸਜੀਪੀਸੀ ਤੇ ਕਾਬਜ਼ ਬਾਦਲ ਕਮੇਟੀ ਤੇ ਗੰਭੀਰ ਸਵਾਲ ਖੜੇ ਕਰਦਾ ਹੈ।
ਸ੍ਰ ਪੱਧਰੀ ਨੇ ਐਸ ਜੀ ਪੀ ਸੀ ਵੱਲੋਂ ਫਰਵਰੀ 2025 ਦੇ ਗੁਰਦੁਆਰਾ ਗਜ਼ਟ ਵਿੱਚ ਅਧਿਕਾਰਿਤ ਤੌਰ ਤੇ ਛਪੀ ਉਕਤ ਮਾਮਲੇ ਦੀ ਤਸਵੀਰ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਇਹ ਇਕ ਵਿਅਕਤੀ ਵੱਲੋਂ ਵਿਅਕਤੀਗਤ ਰੂਪ ਵਿੱਚ ਸਿਰਫ਼ ਕਿਸੇ ਨੂੰ ਸਨਮਾਨ ਦੇਣ ਦੀ ਗੱਲ ਨਹੀਂ ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਦੀ ਸਿੱਧੀ ਉਲੰਘਣਾਂ ਹੈ। ਜਿਸ ਦੀ ਅਸੀਂ ਸਖ਼ਤ ਨਿਖੇਧੀ ਕਰਦੇ ਹਾਂ। ਸ੍ਰ ਪੱਧਰੀ ਨੇ ਕਿਹਾ ਕਿ ਵੈਸੇ ਤਾਂ ਐਸਜੀਪੀਸੀ ਤੇ ਕਾਬਜ਼ ਬਾਦਲ ਕਮੇਟੀ ਤੋਂ ਹੀ ਇਸਦਾ ਸਪਸ਼ਟੀਕਰਨ ਮੰਗਣਾਂ ਹਾਸੋਹੀਣਾਂ ਜਾਪਦਾ ਹੈ ਪ੍ਰੰਤੂ ਸਿੱਖ ਮਰਿਆਦਾ ਅਤੇ ਕਮੇਟੀ ਕਾਨੂੰਨਾਂ ਮੁਤਾਬਿਕ ਸੰਗਤ ਰੂਪੀ ਅਸੀਂ ਐਸਜੀਪੀਸੀ ਅੰਤਰਿੰਗ ਕਮੇਟੀ ਕੋਲੋਂ ਇਸ ਗੱਲ ਦਾ ਜਵਾਬ ਮੰਗਦੇ ਹਾਂ ਕਿ ਐਸਜੀਪੀਸੀ ਸਕੱਤਰ ਸ੍ਰ ਪ੍ਰਤਾਪ ਸਿੰਘ ਬਾਜਵਾ ਨੇ ਵਿਰਸਾ ਸਿੰਘ ਵਲਟੋਹਾ ਨੂੰ ਇਹ ਸਨਮਾਨ ਦੇਣ ਦੀ ਇਜਾਜ਼ਤ ਕਿਵੇਂ ਦਿੱਤੀ ? ਕੀ ਐਸਜੀਪੀਸੀ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਠੁਕਰਾਉਣ ਲੱਗ ਪਈ ਹੈ ਅਤੇ ਉਹਨਾਂ ਫੈਸਲਿਆਂ ਦੀ ਕੋਈ ਇੱਜਤ ਨਹੀਂ ? ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਯਾਫ਼ਤਾ ਅਤੇ ਚੇਤਾਵਨੀ ਮਿਲੇ ਵਿਅਕਤੀ ਐਸਜੀਪੀਸੀ ਦੇ ਅਧਿਕਾਰਿਤ ਫੰਕਸ਼ਨਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਉਣ ਲੱਗ ਪਏ, ਤਾਂ ਕੀ ਇਹ ਪੰਥਕ ਇਨਸਾਫ਼ ਦੀ ਸਿੱਧੀ ਉਲੰਘਣਾਂ ਨਹੀ ਹੈ ? ਭਾਈ ਪੱਧਰੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਭ ਤੋਂ ਉੱਚੀ ਅਧਿਕਾਰਿਤ ਥਾਂ ਹੈ ਅਤੇ ਉਥੋਂ ਲਏ ਗਏ ਫੈਸਲੇ ਸਿੱਖ ਕੌਮ ਲਈ ਪੱਥਰ ਤੇ ਲਕੀਰ ਹਨ।
ਪਰ ਜੇਕਰ ਐਸਜੀਪੀਸੀ ਦੇ ਮੰਚ ਤੋਂ ਉਸਦੇ ਹੁਕਮਾਂ ਦੀ ਅਵੱਗਿਆ ਕਰਨ ਦੀ ਪ੍ਰਰੰਪਰਾ ਸ਼ੁਰੂ ਹੋ ਗਈ ਤਾਂ ਇਸਦਾ ਸਿੱਖ ਮਰਿਆਦਾ ਅਤੇ ਏਕਤਾ ਤੇ ਗਹਿਰਾ ਪ੍ਰਭਾਵ ਪਵੇਗਾ। ਉਹਨਾਂ ਕਿਹਾ ਕਿ ਅਸੀਂ ਐਸਜੀਪੀਸੀ ਅੰਤਰਿੰਗ ਕਮੇਟੀ ਕੋਲੋਂ ਮੰਗ ਕਰਦੇ ਹਾਂ ਕਿ ਇਸ ਉੱਪਰ ਤੁਰੰਤ ਵਿਆਖਿਆ ਕਰਕੇ ਵਿਅਕਤੀਗਤ ਸਵਾਰਥ ਲਈ ਗੁਰੂ ਘਰ ਦੀ ਮਰਿਆਦਾ ਨਾਲ ਖੇਡਣ ਵਾਲਿਆਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਉਸਨੂੰ ਜਨਤਕ ਕੀਤਾ ਜਾਵੇ।