ਛੋਟੇ ਸਾਹਿਬਜਾਦਿਆਂ ਦੇ ਸ਼ਹੀਦੇ ਦਿਹਾੜਿਆਂ ਵਿਚ ਬਾਲ ਦਿਵਸ ਦੀ ਆੜ ਵਿਚ ਵੱਡੇ ਪੱਧਰ ਤੇ ਰਚੇ ਗਏ ਸਾਹਿਬਜਾਦਿਆਂ ਅਤੇ ਦਸਮ ਪਾਤਸ਼ਾਹ ਦੇ ਸਵਾਂਗ: ਰਮਨਦੀਪ ਸਿੰਘ ਸੋਨੂੰ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਗੁਰਦੁਆਰਾ ਕਮੇਟੀ ਦੇ ਇਕ ਸਾਬਕਾ ਪ੍ਰਧਾਨ ਜੋ ਕਿ ਹੁਣ ਭਾਜਪਾਈ ਬਣ ਚੋਣ ਲੜ ਰਹੇ ਹਨ ਅਤੇ ਕਾਬਿਜ ਮੌਜੂਦਾ ਕਮੇਟੀ ਮੈਂਬਰਾਂ ਵਲੋਂ ਪੰਥ ਦੀ ਰਾਹ ਵਿਚ ਬੋਏ ਕੱੜਵੇ ਬੀਜ ਹੁਣ ਨਾਸੂਰ ਬਣ ਕੇ ਪੰਥਕ ਰਹਿਤ ਮਰਿਆਦਾ ਦਾ ਵੱਡਾ ਘਾਣ ਕਰ ਰਹੇ ਹਨ।

ਯੂਥ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਛੋਟੇ ਸਾਹਿਬਜਾਦੇ ਜਿਨ੍ਹਾਂ ਨੂੰ ਮਾਤਾ ਗੁਜਰੀ ਜੀ ਨੇ ਜਬਰ ਅੱਗੇ ਨਾ ਝੁਕਣ ਅਤੇ ਜਾਲਮ ਨਾਲ ਟਾਕਰਾ ਲੈਣ ਦੀ ਸਿਕਸ਼ਾ ਦੇ ਕੇ “ਨਿਸ਼ਚੇ ਕਰ ਆਪਣੀ ਜੀਤ ਕਰੋ” ਦੇ ਜਜਬੇਆਂ ਨਾਲ ਰੰਗ ਦਿੱਤਾ ਸੀ ਅਤੇ ਵੱਡੇ ਸਾਹਿਬਜਾਦਿਆਂ ਨੂੰ ਦਸਮ ਪਾਤਸ਼ਾਹ ਨੇ ਆਪ ਜਾਲਮਾਂ ਨਾਲ ਲੜਨ ਦੀ ਗੁੜਤੀ ਦਿੱਤੀ ਸੀ । ਉਨ੍ਹਾਂ ਦੀ ਯਾਦ ਵਿਚ ਇੰਨ੍ਹਾ ਲੋਕਾਂ ਨੇ ਜੋ ਬਾਲ ਦਿਵਸ ਦੀ ਕਵਾਇਦ ਸ਼ੁਰੂ ਕਰਵਾਈ ਓਸ ਦੇ ਨਤੀਜੇ ਵਜੋਂ ਦੇਸ਼ ਦੇ ਵੱਖ ਵੱਖ ਰਾਜਾਂ ਅੰਦਰ ਸਾਹਿਬਜਾਦਿਆਂ ਅਤੇ ਦਸਮ ਪਾਤਸ਼ਾਹ ਦੇ ਸਵਾਂਗ ਰਚੇ ਜਾਣ ਦੀਆਂ ਬਹੁਤ ਖਬਰਾਂ ਦੇਖਣ ਪੜਨ ਅਤੇ ਸੁਣਨ ਨੂੰ ਮਿਲੀਆਂ ਹਨ । ਇੰਨ੍ਹਾ ਬਾਰੇ ਪੜ ਸੁਣ ਕੇ ਸਿੱਖ ਹਿਰਦਿਆਂ ਨੂੰ ਵਡੀ ਠੇਸ ਪੁਜੀ ਹੈ ਕਿਉਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਸਾਹਿਬਾਨ ਅਤੇ ਸਾਹਿਬਜਾਦਿਆਂ ਦਾ ਕੌਈ ਵੀਂ ਸਵਾਂਗ ਨਹੀਂ ਰਚ ਸਕਦਾ ਹੈ।

ਸਿੱਖ ਪੰਥ ਦੇ ਹਾਜਰਾ ਹਜੂਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਸਮੇਂ ਪੰਥ ਦੀ ਅਗਵਾਈ ਕਰ ਰਹੇ ਹਨ । ਜਦੋ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜਿਆਂ ਦਾ ਨਾਮ ਬਦਲ ਕੇ ਬਾਲ ਦਿਵਸ ਕੀਤਾ ਗਿਆ ਸੀ ਅਸੀਂ ਤਦ ਵੀਂ ਵਿਰੋਧ ਕੀਤਾ ਸੀ ਤੇ ਹੁਣ ਵੀਂ ਆਪਣਾ ਫਰਜ਼ ਸਮਝਦੇ ਹੋਏ ਜੱਥੇਦਾਰ ਅਕਾਲ ਤਖਤ ਜੀ ਨੂੰ ਅਪੀਲ ਕਰਦੇ ਹਾਂ ਸਰਕਾਰ ਦੀ ਝੋਲੀ ਵਿਚ ਨਿਜ ਖਾਤਿਰ ਗਿਰਣ ਵਾਲੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕਮੇਟੀ ਪ੍ਰਧਾਨ ਸਕੱਤਰ ਨੂੰ ਤੁਰੰਤ ਤਖਤ ਸਾਹਿਬ ਤੇ ਸੱਦ ਕੇ ਇਸ ਬਾਰੇ ਸੁਆਲ ਜੁਆਬ ਕਰਣ ਦੇ ਨਾਲ ਇੰਨ੍ਹਾ ਨੂੰ ਇਸ ਹੋ ਰਹੀ ਮਰਿਆਦਾ ਦੇ ਘਾਣ ਲਈ ਜੁਆਬਦੇਹ ਬਣਾਇਆ ਜਾਣਾ ਚਾਹੀਦਾ ਹੈ ਅਤੇ ਇੰਨ੍ਹਾ ਲੋਕਾਂ ਉਪਰ ਬਣਦੀ ਪੰਥਕ ਮਰਿਆਦਾ ਤਹਿਤ ਸਖ਼ਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ।

ਇਸਦੇ ਨਾਲ ਹੀ ਇੰਨ੍ਹਾ ਦੀ ਸਰਪ੍ਰਸਤੀ ਹੇਠ ਚਲ ਰਹੇ ਕਮੇਟੀ ਦੇ ਸਕੂਲਾਂ ਦੇ ਸਟਾਫ ਦਾ ਬਕਾਇਆ ਨਾ ਦਿੱਤੇ ਜਾਣ ਕਰਕੇ ਇੰਨ੍ਹਾ ਵਲੋਂ ਕਮੇਟੀ ਦੀ ਕੁਝ ਜਾਇਦਾਦ ਕੁਰਕ ਕਰਣ ਲਈ ਅਦਾਲਤ ਨੂੰ ਕਿਹਾ ਹੈ ਜਦਕਿ ਇਹ ਕਮੇਟੀ ਦੇ ਸਮੂਹ ਮੈਂਬਰਾਂ ਨਾਲ ਇਸ ਮੁਦੇ ਤੇ ਮੀਟਿੰਗ ਕੀਤੇ ਬਿਨਾਂ ਮਨਮਰਜੀ ਨਹੀਂ ਕਰ ਸਕਦੇ ਹਨ ਤੇ ਨਾ ਹੀ ਗੁਰੂ ਘਰ ਦਾ ਸਰਮਾਇਆ ਖੁਰਦ ਬੁਰਦ ਕਰ ਸਕਦੇ ਹਨ। ਇੰਨ੍ਹਾ ਦੀ ਨਾਕਾਮੀਆਂ ਤਹਿਤ ਚੜੇ ਕਰਜੇ ਨੂੰ ਉਤਾਰਣ ਲਈ ਇੰਨ੍ਹਾ ਨੂੰ ਆਪਣੀ ਨਿੱਜੀ ਜਾਇਦਾਦ ਵੇਚਕੇ ਕਮੇਟੀ ਸਿਰ ਚੜ੍ਹ ਰਿਹਾ ਕਰਜਾ ਉਤਾਰਣਾ ਚਾਹੀਦਾ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version