(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਢਹਿ-ਢੇਰੀ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਵਾਪਰੇ ਦੁਖਾਂਤ ਨੂੰ ਬਿਆਨ ਕਰਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰਵਾਰ ਲਗਾਈ ਗਈ ਹੈ। ਪ੍ਰਦਰਸ਼ਨੀ ਵਿਚ ਲਗਾਈਆਂ ਗਈਆਂ ਵੱਖ-ਵੱਖ ਤਸਵੀਰਾਂ ਸਰਕਾਰ ਵੱਲੋਂ ਕੀਤੇ ਗਏ ਜਬਰ ਤੇ ਜੁਲਮ ਨੂੰ ਬਿਆਨ ਕਰਦੀਆਂ ਹਨ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੀਤੇ ਦਿਨੀਂ 1984 ਦੇ ਘੱਲੂਘਾਰੇ ਦੇ ਦੁਖਾਂਤ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਪ੍ਰਦਰਸ਼ਨੀਆਂ ਲਗਾਉਣ ਦਾ ਆਦੇਸ਼ ਕੀਤਾ ਗਿਆ ਸੀ, ਜਿਸ ਤਹਿਤ ਇਹ ਪ੍ਰਦਰਸ਼ਨੀ ਲਗਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ 6 ਜੂਨ ਤੱਕ ਜਾਰੀ ਰਹੇਗੀ, ਜਿਸ ਨੂੰ ਸੰਗਤਾਂ ਸਵੇਰ ਤੋਂ ਸ਼ਾਮ ਤੱਕ ਦੇਖ ਸਕਣਗੀਆਂ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਦਾ ਮੰਤਵ ਸੰਗਤਾਂ ਅਤੇ ਖ਼ਾਸਕਰ ਨੌਜੁਆਨੀ ਨੂੰ ਜੂਨ 1984 ਵੇਲੇ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਸਿੱਖ ਕੌਮ ਤੇ ਕੀਤੇ ਹਮਲੇ ਤੋਂ ਜਾਣੂ ਕਰਵਾਉਣਾ ਹੈ।