ਸਾਨੂੰ ਇੱਥੇ ਆਉਣ ਤੋਂ, ਆਪਣੇ ਵਿਚਾਰ ਪ੍ਰਗਟ ਕਰਨ ਤੋਂ ਰੋਕਿਆ ਜਾ ਰਿਹਾ ਹੈ ਕਿਉਂਕਿ ਇਹੀ ਹੈ, ਅਸਲ ਵਿੱਚ, ਜੋ ਭਾਰਤ ਚਾਹੁੰਦਾ ਹੈ: ਮੋਨਿੰਦਰ ਸਿੰਘ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਕੌਮ ਦੇ ਸ਼ਹੀਦ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਸਾਬਕਾ ਪ੍ਰਧਾਨ ਜਥੇਦਾਰ ਹਰਦੀਪ ਸਿੰਘ ਨਿੱਝਰ ਜਿਨ੍ਹਾਂ ਨੂੰ 18 ਜੂਨ 2023 ਨੂੰ ਗੁਰੂ ਘਰ ਦੀ ਪਾਰਕਿੰਗ ਦੇ ਵਿਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ, ਉਹਨਾਂ ਦੇ ਕਾਤਲਾ ਦੀ ਪੇਸ਼ੀ ਕੈਨੇਡੀਅਨ ਸੁਪਰੀਮ ਕੋਰਟ (ਨਿਊ ਵੈਸਟ ਮਿਨਸਟਰ) ਵਿਖੇ ਵੀਡੀਓ ਰਾਹੀਂ ਕਰਵਾਈ ਗਈ। ਮੁਲਜ਼ਮ ਕਰਨਪ੍ਰੀਤ ਸਿੰਘ, ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਤਿੰਨੋਂ ਹਰਦੀਪ ਸਿੰਘ ਨਿੱਝਰ ਖ਼ਿਲਾਫ਼ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਕੈਨੇਡਾ ਵਿੱਚ ਮੁਕੱਦਮੇ ਦੌਰਾਨ ਹਰੇਕ ਵਿਅਕਤੀ ਨੂੰ ਫ੍ਰੈਂਚ ਜਾਂ ਅੰਗਰੇਜ਼ੀ ਮੁਕੱਦਮੇ ਵਿੱਚੋਂ ਇੱਕ ਦੀ ਚੋਣ ਕਰਨ ਦਾ ਮੌਕਾ ਮਿਲਦਾ ਹੈ।
ਚਾਰੇ ਮੁਲਜ਼ਮਾਂ ਨੇ ਆਪਣੀ ਭਵਿੱਖ ਦੀ ਅਦਾਲਤੀ ਕਾਰਵਾਈ ਅੰਗਰੇਜ਼ੀ ਵਿੱਚ ਕਰਨ ਦੀ ਚੋਣ ਕੀਤੀ ਹੈ । ਭਾਈ ਨਿੱਝਰ ਨੂੰ ਪਿਆਰ ਕਰਨ ਵਾਲਿਆਂ ਨੇ ਅਦਾਲਤ ਦੇ ਬਾਹਰ ਵੱਡਾ ਇਕੱਠ ਕੀਤਾ ਅਤੇ ਖਾਲਿਸਤਾਨ ਦੇ ਝੰਡੇ ਹੱਥਾਂ ਵਿੱਚ ਫੜਕੇ ਸ਼ਾਂਤਮਈ ਤਰੀਕੇ ਨਾਲ ਅਦਾਲਤ ਦੇ ਬਾਹਰ ਖੜਕੇ ਆਪਣੀ ਮੌਜੂਦਗੀ ਪੇਸ਼ ਕੀਤੀ ਕਿਉਕਿ ਉਨ੍ਹਾਂ ਨੂੰ ਅਦਾਲਤ ਅੰਦਰ ਜਾਣ ਤੋਂ ਰੋਕਿਆ ਗਿਆ ਸੀ। ਇਸ ਦੌਰਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਭਾਈ ਗੁਰਮੀਤ ਸਿੰਘ ਤੂਰ ਨੇ ਮੀਡੀਆ ਅੱਗੇ ਭਾਰਤੀ- ਦਖ਼ਲਅੰਦਾਜ਼ੀ ਦੀ ਜੰਮ ਕੇ ਨਿਖੇਧੀ ਕੀਤੀ।
ਉਨ੍ਹਾਂ ਨੇ ਬੀਤੇ ਕੁਝ ਦਿਨ ਪਹਿਲਾਂ ਰੋਸ ਸਟ੍ਰੀਟ ਗੁਰਦਵਾਰਾ ਵੈਨਕੂਵਰ ਅਤੇ ਲਕਸ਼ਮੀ ਨਾਰਾਇਣ ਮੰਦਿਰ ਦੇ ਬਾਹਰ ਜੋ ਘਟਨਾ ਹੋਈ ਉਸ ਦਾ ਵਿਰੋਧ ਕੀਤਾ ਅਤੇ ਇਸ ਨੂੰ ਸ਼ਰਾਰਤੀ ਅਨਸਰਾਂ ਦੀ ਚਾਲਾਂ ਹੋਣ ਕਰਕੇ ਇੰਨ੍ਹਾ ਤੋਂ ਸੁਚੇਤ ਹੋਣ ਲਈ ਵੀ ਕਿਹਾ । ਬੀ ਸੀ ਕੌਸਿਲ ਦੇ ਮੁੱਖ ਬੁਲਾਰੇ ਭਾਈ ਮੋਨਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਇੱਥੇ ਆਉਣ ਤੋਂ, ਆਪਣੇ ਵਿਚਾਰ ਪ੍ਰਗਟ ਕਰਨ ਤੋਂ ਰੋਕਿਆ ਜਾ ਰਿਹਾ ਹੈ ਕਿਉਂਕਿ ਇਹੀ ਹੈ, ਅਸਲ ਵਿੱਚ, ਜੋ ਭਾਰਤ ਚਾਹੁੰਦਾ ਹੈ। ਉਹ ਸਾਨੂੰ ਚੁੱਪ ਕਰਵਾਉਣਾ ਚਾਹੁੰਦੇ ਹਨ। ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਸਾਡੇ ਕੋਲ ਬੋਲਣ ਦੀ ਸਮਰੱਥਾ ਨਾ ਹੋਵੇ। ਅਤੇ ਅਸੀਂ ਆਪਣੇ ਭਾਈਚਾਰੇ ਵਿੱਚ ਲੀਡਰਸ਼ਿਪ ਭੂਮਿਕਾਵਾਂ ਦੇ ਤੌਰ ‘ਤੇ, ਇਸ ਮਾਮਲੇ ਨੂੰ ਅੱਗੇ ਵਧਾਉਣ ਲਈ ਫਰਜ਼ ਨਿਭਾਉਂਦੇ ਹਾਂ। ਭਾਈ ਨਿੱਝਰ ਇਸ ਲਈ ਸ਼ਹੀਦ ਹੋ ਗਏ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਨੂੰ ਨੁਕਸਾਨ ਪਹੁੰਚੇ। ਇਸ ਦੌਰਾਨ ਬੀ.ਸੀ. ਗੁਰਦੁਆਰਾ ਕੌਂਸਿਲ ਦੇ ਮੁੱਖ ਬੁਲਾਰੇ ਭਾਈ ਮੋਨਿੰਦਸਰ ਸਿੰਘ, ਗੁਰੂ ਘਰ ਦੇ ਪ੍ਰਬੰਧਕ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਅਜੈਪਾਲ ਸਿੰਘ, ਭਾਈ ਜਸਵਿੰਦਰ ਸਿੰਘ ਸ਼ੇਰਗਿਲ ਸਮੇਤ ਅਦਾਲਤ ਦੇ ਬਾਹਰ ਵਡੀ ਗਿਣਤੀ ਅੰਦਰ ਸੰਗਤਾਂ ਮੌਜੂਦ ਸਨ। ਸੁਪਰੀਮ ਕੋਰਟ ਅੰਦਰ ਭਾਈ ਨਿਝਰ ਦੇ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 26 ਜੂਨ ਨੂੰ ਹੋਵੇਗੀ।