(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ-ਡੇਲਟਾ ਵਿਖ਼ੇ ਬਣਾਏ ਗਏ ਸ਼ਹੀਦੀ ਅਸਥਾਨ ਭਾਈ ਹਰਦੀਪ ਸਿੰਘ ਜੀ ਨਿਝਰ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਿਸ਼ਾਨ ਸਾਹਿਬ ਜੀ ਦੇ ਚੋਲਾ ਬਦਲਣ ਦੀ ਸੇਵਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਪੰਜ ਸਿੰਘ ਸਾਹਿਬਾਨਾਂ ਦੀ ਅਗਵਾਈ ਵਿਚ ਸੰਪੂਰਨ ਕੀਤੀ ਗਈ। ਇਸ ਦੌਰਾਨ ਭਾਈ ਹਰਦੀਪ ਸਿੰਘ ਜੀ ਨਿੱਜਰ ਗੁਰਮਤਿ ਸਕੂਲ ਦੇ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਸੰਗਤਾਂ ਵੱਲੋਂ ਵੱਖੋਂ-ਵੱਖ ਲੰਗਰ ਦੇ ਸਟਾਲਾਂ ਦੀਆਂ ਸੇਵਾਵਾਂ ਹੋਈਆਂ।
ਇਸ ਦੌਰਾਨ ਬੱਚਿਆਂ ਵੱਲੋਂ ਨਿਸ਼ਾਨ ਸਾਹਿਬ ਜੀ ਦੀ ਸੇਵਾ ਦੀ ਸੰਪੂਰਨਤਾ ਤੇ ਨਿਸ਼ਾਨ ਸਾਹਿਬ ਜੀ ਨੂੰ ਸ਼ਸ਼ਤਰਾਂ ਨਾਲ ਸਲਾਮੀ ਵੀ ਦਿੱਤੀ ਗਈ ਅਤੇ ਉਸ ਤੋਂ ਉਪਰੰਤ ਗਤਕੇ ਦੇ ਜੌਹਰ ਵੀ ਵਿਖਾਏ ਗਏ। ਦੱਸਣਯੋਗ ਹੈ ਕਿ ਪਹਿਲਾਂ ਨਿਸ਼ਾਨ ਸਾਹਿਬ ਦੀ ਸੇਵਾ ਸਾਲ ਵਿਚ ਇਕ ਵਾਰ ਹੀ ਹੁੰਦੀ ਸੀ ਪਰ ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਝਰ ਦੇ ਕਾਰਜਕਾਲ ਦੌਰਾਨ ਉਹਨਾਂ ਇਹ ਸੇਵਾ ਸਾਲ ਵਿਚ ਦੋ ਵੇਰਾਂ ਕਰਵਾਉਣੀ ਸ਼ੁਰੂ ਕਰਵਾਈ ਸੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਦੇ ਬਹੁਤ ਜ਼ਿਆਦਾ ਚਾਅ, ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਨਿਸ਼ਾਨ ਸਾਹਿਬ ਜੀ ਦੀ ਸੇਵਾ ਸੰਪੂਰਨ ਕੀਤੀ ਗਈ।
ਨਿਸ਼ਾਨ ਸਾਹਿਬ ਦੀ ਜੀ ਸੇਵਾ ਦੀ ਸੰਪੂਰਨਤਾ ਤੇ ਖਾਲਸਾਈ ਨਾਅਰੇ ਲਗਾਏ ਗਏ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਜਰ ਦੀ ਸ਼ਹਾਦਤ ਨੂੰ ਸਮਰਪਿਤ ਵੀ ਜੈਕਾਰੇ ਗਜਾਏ ਗਏ। ਇਸ ਦੌਰਾਨ ਭਾਈ ਗੁਰਮੀਤ ਸਿੰਘ ਜੀ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਮਨਜਿੰਦਰ ਸਿੰਘ, ਭਾਈ ਅਜੈਪਾਲ ਸਿੰਘ ਦੇ ਨਾਲ ਵਡੀ ਗਿਣਤੀ ਅੰਦਰ ਸੰਗਤਾਂ ਨੇ ਹਾਜ਼ਿਰੀ ਭਰੀ ਸੀ।