ਭਾਈ ਹਰਦੀਪ ਸਿੰਘ ਜੀ ਨਿੱਝਰ ਦੀ ਸ਼ਹਾਦਤ ਨੂੰ ਪੂਰੇ ਹੋਏ 600 ਦਿਨ, ਭਾਰਤੀ ਐੱਬੇਸੀ ਮੂਹਰੇ ਜ਼ੋਰਦਾਰ ਰੋਸ ਪ੍ਰਦਰਸ਼ਨ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਕੌਮ ਦੇ ਮਹਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਜਿੰਨਾਂ ਨੂੰ ਸਰੀ ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ, ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਹਰ ਮਹੀਨੇ ਦੀ 18 ਤਰੀਕ ਨੂੰ ਵੈਨਕੂਵਰ ਵਿਖੇ ਭਾਰਤੀ ਅੰਬੈਸੀ ਵਿਖੇ ਭਾਰੀ ਰੋਸ-ਮੁਜਾਰਾ ਕੀਤਾ ਜਾਂਦਾ ਹੈ।

ਬੀਤੇ ਦਿਨ ਜਦੋਂ ਭਾਈ ਨਿੱਝਰ ਦੀ ਸ਼ਹੀਦੀ ਨੂੰ 600 ਦਿਨ ਪੂਰੇ ਹੋਏ, ਉਸ ਨੂੰ ਸਮਰਪਿਤ ਕੈਨੇਡਾ ਦੀਆਂ ਸਿੱਖ-ਸੰਗਤਾਂ ਵੱਲੋਂ ਭਾਰਤੀ ਐੱਬੇਸੀ ਮੂਹਰੇ ਭਾਰੀ ਰੋਸ-ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਖਾਲਸਾਈ ਨਾਅਰਿਆਂ ਨਾਲ ਗੂੰਜਾਂ ਪਾਈਆਂ ਗਈਆਂ। ਇਸ ਰੋਸ ਮੁਜਾਹਿਰੇ ਵਿਚ ਪ੍ਰਬੰਧਕਾਂ ਅਤੇ ਸੰਗਤਾਂ ਵਲੋਂ ਭਾਰਤੀ ਕੌਂਸਲੇਟ ਨੂੰ ਬੰਦ ਕਰਨ ਅਤੇ ਭਾਰਤੀ ਰਾਜਦੂਤ ਜੋ ਕਿ ਭਾਈ ਹਰਦੀਪ ਸਿੰਘ ਨਿਝਰ ਦੀ ਸ਼ਹਾਦਤ ਵਿੱਚ ਸ਼ਾਮਲ ਅਤੇ ਭਗੌੜੇ ਹਨ ਉਹਨਾਂ ਨੂੰ ਕੈਨੇਡਾ ਲਿਆ ਕੇ ਕਟਹਿਰੇ ਵਿੱਚ ਖੜੇ ਕਰਨ ਦੀ ਮੰਗ ਵੀ ਜ਼ੋਰਾਂ ਤੇ ਕੀਤੀ ਗਈ।

ਖਾਲਸਾ ਰਾਜ ਦੀ ਵਕਾਲਤ ਕਰਨ ਵਾਲੀ ਜਥੇਬੰਦੀ “ਐਸਐਫਜੇ ” ਨੇ ਇਹ ਖ਼ਦਸ਼ਾ ਵੀ ਜਤਾਇਆ ਕਿ ਉਹ ਕਿਹੜੇ ਅਹਿਜੇ ਕਾਰਨ ਹਨ ਜਿਸ ਕਰਕੇ ਅਜੇ ਤੱਕ ਭਾਰਤੀ ਰਾਜਦੂਤਾਂ ਨੂੰ ਕੈਨੇਡਾ ਨਹੀਂ ਲਿਆਂਦਾ ਗਿਆ ਅਤੇ ਨਾਲ-ਨਾਲ ਉਹਨਾਂ ਨੇ ਸਰਕਾਰ ਨੂੰ ਹੋਰ ਠੋਸ ਅਤੇ ਸਖ਼ਤ ਕਦਮ ਚੁੱਕਣ ਲਈ ਕਿਹਾ ਅਤੇ ਕਿਹਾ ਕਿ ਇਨਸਾਫ਼ ਨਾ ਮਿਲਣ ਤੱਕ ਸੰਘਰਸ਼ ਜਾਰੀ ਰੱਖਣਗੇ। ਇਸ ਰੋਸ ਮੁਜਾਹਿਰੇ ਵਿਚ ਗੁਰੂ ਘਰ ਦੇ ਪ੍ਰਬੰਧਕ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਅਜੇਪਾਲ ਸਿੰਘ ਅਤੇ ਭਾਈ ਹਰਪਾਲ ਸਿੰਘ ਬੁੱਟਰ ਦੇ ਨਾਲ ਵਡੀ ਗਿਣਤੀ ਅੰਦਰ ਸੰਗਤਾਂ ਵੀ ਸ਼ਾਮਲ ਸਨ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version