ਦਿੱਲੀ ਕਮੇਟੀ ਦੇ ਸਾਰੇ ਮੈਂਬਰ ਵੀ ਅੱਧਾ-ਅੱਧਾ ਘੰਟਾ ਸਹਿਜ ਪਾਠ ਕਰਨ ਦੀ ਲਾਈਵ ਹਾਜ਼ਰੀ ਜ਼ਰੂਰ ਭਰਨ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਗੁਰਬਾਣੀ ਰਿਸਰਚ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਭਾਈ ਪਰਮਜੀਤ ਸਿੰਘ ਵੀਰਜੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਸਾਢੇ ਤਿੰਨ ਲੱਖ ਸਹਿਜ ਪਾਠਾਂ ਦੀ ਲੜੀ ਸ਼ੁਰੂ ਕੀਤੇ ਜਾਣ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦੇ ਨਜ਼ਰੀਏ ਨਾਲ ਇਹ ਧਰਮ ਪ੍ਰਚਾਰ ਉਪਰਾਲਾ ਸ਼ਲਾਘਾਯੋਗ ਹੈ। ਪਰ ਇਹ ਉਪਰਾਲਾ ਕਰਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਸਮੇਤ ਸਾਰੇ ਦਿੱਲੀ ਕਮੇਟੀ ਮੈਂਬਰਾਂ ਨੂੰ ਵੀ ਇੱਕ ਸਹਿਜ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਸੰਗਤਾਂ ਨੂੰ ਹੋਰ ਜਿਆਦਾ ਪ੍ਰੇਰਤ ਕਰਣ ਦੇ ਨਾਲ ਸਭ ਨੂੰ ਪਤਾ ਲਗ ਸਕੇ ਕਿ ਉਨ੍ਹਾਂ ਨੇ ਜਿਹੜੇ ਮੈਂਬਰ ਚੁਣ ਕੇ ਭੇਜੇ ਹਨ ਉਹ ਚੰਗੀ ਤਰ੍ਹਾਂ ਗੁਰਬਾਣੀ ਪੜ ਸਕਦੇ ਹਨ।

ਭਾਈ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਉਨਾਂ ਵੱਲੋ ਬੇਨਤੀ ਹੈ ਕਿ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ 15 ਅਪ੍ਰੈਲ ਨੂੰ ਸੰਗਤਾਂ ਸਾਹਮਣੇ ਯਾਨੀ ਲਾਈਵ ਇੱਕ ਸਹਿਜ ਪਾਠ ਦੀ ਆਰੰਭਤਾ ਕਰਨ, ਉਸ ਤੋਂ ਬਾਅਦ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਬਾਕੀ ਅਹੁਦੇਦਾਰ ਵੀ ਆਪਣੇ ਸਮੇਂ ਮੁਤਾਬਿਕ ਸਹਿਜ ਪਾਠ ਕਰਨ ਦੀ ਹਾਜ਼ਰੀ ਭਰਨ ਅਤੇ ਇਸ ਤੋਂ ਬਾਅਦ ਦਿੱਲੀ ਕਮੇਟੀ ਦੇ ਸਾਰੇ ਮੈਂਬਰ ਵੀ ਅੱਧਾ-ਅੱਧਾ ਘੰਟਾ ਪਾਠ ਕਰਨ ਦੀ ਹਾਜ਼ਰੀ ਜ਼ਰੂਰ ਭਰਨ। ਉਨ੍ਹਾਂ ਕਿਹਾ ਕਿ ਜਦੋਂ ਵੀ ਦਿੱਲੀ ਕਮੇਟੀ ਦੇ ਅਹੁਦੇਦਾਰ ਜਾਂ ਮੈਂਬਰ ਸਹਿਜ ਪਾਠ ਕਰਨ ਤਾਂ ਉਸ ਸਮੇਂ ਲਾਈਵ ਪਾਠ ਸੁਣਨ ਦੀ ਸਹੂਲਤ ਸੰਗਤਾਂ ਨੂੰ ਜ਼ਰੂਰ ਉਪਲਬਧ ਕਰਾਈ ਜਾਵੇ।

ਭਾਈ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਐਕਟ ਮੁਤਾਬਿਕ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਨੂੰ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਗੁਰਬਾਣੀ ਪੜਨੀ ਆਉਣੀ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਕਮੇਟੀ ਦੇ ਸਾਰੇ ਅਹੁਦੇਦਾਰ ਤੇ ਮੈਂਬਰ ਲਾਈਵ ਸਹਿਜ ਪਾਠ ਕਰਨਗੇ ਤੇ ਨਿਸ਼ਚਤ ਤੌਰ ‘ਤੇ ਸੰਗਤਾਂ ‘ਤੇ ਬਹੁਤ ਹੀ ਚੰਗਾ ਪ੍ਰਭਾਵ ਪਏਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਉਪਰਾਲੇ ਲਈ ਸਾਡੀ ਸੰਸਥਾ ਦਿੱਲੀ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version