(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨਾਂ ਦੇ ਸੁਚੱਜੇ ਪ੍ਰਬੰਧ ਅਤੇ ਮਾਣ ਮਰਿਆਦਾ ਕਾਇਮ ਰੱਖਣ ਲਈ ਹੋਂਦ ਵਿੱਚ ਆਈ ਸੀ । ਪਰ ਅੱਜ ਜੋ ਗਿਰਾਵਟ ਕਮੇਟੀ ਵਿੱਚ ਆ ਚੁੱਕੀ ਹੈ । ਉਸਨੂੰ ਦੇਖਕੇ ਹਰ ਸਿੱਖ ਦਾ ਹਿਰਦਾ ਦੁਖਦਾ ਹੈ । ਨੌਜਵਾਨ 84 ਸੇਵਾ ਦਲ ਦੇ ਪ੍ਰਧਾਨ ਅਵਤਾਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਹਾਲਤ ਇਹ ਹਨ ਕਿ ਗੁਰੂ ਘਰਾਂ ਦੇ ਅੰਦਰ ਹੀ ਨਰੈਣ ਮਹੰਤ ਵਾਂਗ ਕੁਝ ਲੋਕ ਕੁਕਰਮ ਕਰ ਰਹੇ ਹਨ ਪਰ ਸਾਰਾ ਕੁਝ ਜਾਣਦੇ ਬੁਝਦੇ ਹੋਏ ਵੀ ਦਿੱਲੀ ਕਮੇਟੀ ਵੱਲੋਂ ਇਹਨਾਂ ਕੁਕਰਮਾਂ ਨੂੰ ਨਾ ਤੇ ਰੋਕਿਆ ਦਾ ਰਿਹਾ ਹੈ ਤੇ ਨਾ ਹੀ ਉਹਨਾਂ ਦੁਸ਼ਟ ਲੋਕਾਂ ਤੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ।
ਇਤਿਹਾਸਕ ਅਸਥਾਨ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲੰਗਰ ਹਾਲ ਦੇ ਬਿਲਕੁਲ ਨਾਲ ਦੇ ਕਮਰੇ ਵਿੱਚ ਕਮੇਟੀ ਦੇ ਇੱਕ ਜ਼ਿੰਮੇਵਾਰ ਮੁਲਾਜ਼ਮ ਵੱਲੋਂ ਕੁਕਰਮ ਕੀਤੇ ਜਾਣ ਦੀ ਖ਼ਬਰ ਸਾਡੀ ਸੰਸਥਾ ਨੂੰ ਲੱਗੀ ਸੀ ਜਿਸ ਬਾਰੇ ਅਸੀਂ ਸੁਚੇਤ ਰਹਿੰਦੇ ਹੋਏ ਲਗਾਤਾਰ ਚਾਰ ਹਫ਼ਤੇ ਨਿਗਰਾਨੀ ਕੀਤੀ ਤੇ ਚਾਰ ਹਫ਼ਤਿਆਂ ਬਾਅਦ ਉਕਤ ਮੁਲਾਜ਼ਮ ਨੂੰ ਇੱਕ ਬੀਬੀ ਨਾਲ ਕੁਕਰਮ ਕਰਦਿਆਂ ਰੰਗੇ ਹੱਥੀਂ ਫੜਿਆ । ਜਿਸਦੇ ਸਬੂਤ ਵਜੋਂ ਵੀਡੀਓਜ਼ ਵੀ ਸਾਡੇ ਕੋਲ ਮੌਜੂਦ ਹਨ। ਇਸ ਮੌਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਮੈਨੇਜਰ ਸਮੇਤ ਹੋਰ ਮੁਲਾਜ਼ਮ ਵੀ ਉਥੇ ਪਹੁੰਚ ਗਏ ਤੇ ਉਹਨਾਂ ਵੱਲੋਂ ਪ੍ਰਬੰਧਕਾਂ ਨਾਲ ਗੱਲਬਾਤ ਤੋਂ ਬਾਅਦ ਉਕਤ ਵਿਅਕਤੀ ਜੋ ਕਮੇਟੀ ਦਾ ਹੀ ਮੁਲਾਜ਼ਮ ਹੈ ਉਸਨੂੰ ਸਸਪੈਂਡ ਕੀਤਾ ਗਿਆ।
ਸੰਗਤ ਆਪ ਹੀ ਸੋਚੇ ਕਿ ਇਹੋ ਜਿਹੇ ਕੁਕਰਮ ਦੀ ਸਜ਼ਾ ਸਿਰਫ ਸਸਪੈਂਡ ਕਰਨਾ ਹੈ ? ਅਸੀਂ ਚਾਹੁੰਦੇ ਸੀ ਕਿ ਉਕਤ ਦੋਸ਼ੀ ਦੀਆਂ ਸੇਵਾਵਾਂ ਖਤਮ ਹੋਣ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਜਾਵੇ। ਪਰ ਕਮੇਟੀ ਵੱਲੋਂ ਗੱਲ ਠੰਡੇ ਬਸਤੇ ਪਾਉਣ ਦੇ ਯਤਨ ਹੁੰਦੇ ਰਹੇ ਤੇ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵੱਲੋਂ ਦੋ ਦਿਨਾਂ ਬਾਅਦ ਆਪਣੇ ਦਫ਼ਤਰ ਬੁਲਾਕੇ ਸਾਨੂੰ ਧਮਕਾਇਆ ਵੀ ਗਿਆ ਤੇ ਕਮੇਟੀ ਵਿੱਚ ਨੌਕਰੀ ਦੇਣ ਦੇ ਲਾਲਚ ਵੀ ਦਿੱਤੇ ਗਏ। ਇੱਥੋਂ ਸੰਗਤ ਹਿਸਾਬ ਲਗਾ ਸਕਦੀ ਹੈ ਕਿ ਕਮੇਟੀ ਕੁਕਰਮ ਕਰਨ ਵਾਲਿਆਂ ਦੀ ਕਿਸ ਤਰ੍ਹਾਂ ਪੁਸ਼ਤ ਪਨਾਹੀ ਕਰ ਰਹੀ ਹੈ । ਅਸੀ ਇਸ ਸੰਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਤੱਕ ਪਹੁੰਚ ਕੀਤੀ ਹੈ । ਇਹਨਾਂ ਨੇ ਇਸ ਸੰਬੰਧੀ ਪੂਰਾ ਤਾਲਮੇਲ ਕੀਤਾ ਹੈ ਤੇ ਹੁਣ ਅਸੀਂ ਇਸ ਸਬੰਧੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲੈ ਕੇ ਜਾਵਾਂਗੇ ਤੇ ਕੁਕਰਮੀ ਮੁਲਾਜ਼ਮ ਸਮੇਤ ਉਸਦੀ ਪੁਸ਼ਤ ਪਨਾਹੀ ਕਰਨ ਕਰਕੇ ਗੁਰੂ ਘਰ ਦੇ ਬਰਾਬਰ ਦੇ ਦੋਖੀ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਤੇ ਸੰਬੰਧਿਤ ਮੁਲਾਜ਼ਮ ਉੱਪਰ ਪੰਥਕ ਰਵਾਇਤ ਅਨੁਸਾਰ ਕਾਰਵਾਈ ਕਰਨ ਲਈ ਬੇਨਤੀ ਕਰਾਂਗੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਜਤਿੰਦਰ ਸਿੰਘ ਸੋਨੂੰ, ਗੁਰਮੀਤ ਸਿੰਘ ਫਿਲੀਪੀਨਸ ਸਮੇਤ ਹੋਰ ਵਰਕਰ ਵੀ ਹਾਜ਼ਰ ਸਨ । ਜਿੰਨਾ ਇਸ ਕੁਕਰਮ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੀ ਨਿਖੇਧੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ।