(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਬੀਬੀ ਰਣਜੀਤ ਕੌਰ ਮੁੜ ਤੋਂ ਰਾਮਗੜੀਆ ਕੋ ਓਪਰੇਟਿਵ ਬੈੰਕ ਦੇ ਚੇਅਰਮੈਨ ਬਣ ਗਏ ਹਨ । ਬੈੰਕ ਦੇ ਮੈਂਬਰਾਂ ਦੀ ਇਕ ਭਰਵੀਂ ਮੀਟਿੰਗ ਵਿਚ ਰਾਮਗੜੀਆਂ ਬੋਰਡ ਅਤੇ ਹੋਰ ਮੈਂਬਰਾਂ ਵਲੋਂ ਬੀਬੀ ਰਣਜੀਤ ਕੌਰ ਦਾ ਨਾਮ ਸਾਂਝੇ ਤੌਰ ਤੇ ਪੇਸ਼ ਕੀਤਾ ਗਿਆ ਜਿਸ ਨੂੰ ਹਾਜਰ ਸਮੂਹ ਮੈਂਬਰਾਂ ਨੇ ਸਰਵਸੰਮਤੀ ਨਾਲ ਪ੍ਰਵਾਨ ਕਰ ਲਿਆ। ਵਡੀ ਗਿਣਤੀ ਅੰਦਰ ਹਮਾਇਤ ਮਿਲਣ ਕਰਕੇ ਬੀਬੀ ਰਣਜੀਤ ਕੌਰ ਨਿਰਵਿਰੋਧ ਰਾਮਗੜੀਆਂ ਬੈੰਕ ਦੇ ਚੇਅਰਮੈਨ ਚੁਣੇ ਗਏ। ਹਾਜਿਰ ਮੈਂਬਰਾਂ ਨੇ ਬੀਬੀ ਜੀ ਨੂੰ ਮੁੜ ਤੋਂ ਚੇਅਰਮੈਨ ਚੁਣੇ ਜਾਣ ਕਰਕੇ ਵਧਾਈ ਦਿੱਤੀ।
ਆਪਣੇ ਵਿਚਾਰ ਪੇਸ਼ ਕਰਦਿਆਂ ਬੀਬੀ ਰਣਜੀਤ ਕੌਰ ਨੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਜਿਸ ਭਾਵਨਾ ਨਾਲ ਤੁਸੀ ਮੇਰੀ ਚੋਣ ਕੀਤੀ ਹੈ ਤੇ ਮੁੜ ਮੇਰੇ ਉਪਰ ਵਿਸ਼ਵਾਸ ਪ੍ਰਗਟ ਕੀਤਾ ਹੈ ਮੈਂ ਤੁਹਾਡੀਆਂ ਭਾਵਨਾਵਾਂ ਤੇ ਪੂਰਾ ਉਤਰਦਿਆਂ ਤਨ ਮਨ ਅਤੇ ਧਨ ਨਾਲ ਬਣਦੀ ਸੇਵਾ ਕਰਦੀ ਰਹਾਂਗੀ ਅਤੇ ਮੈਂਬਰਾਂ ਦੇ ਸਹਿਯੋਗ ਨਾਲ ਬੈੰਕ ਨੂੰ ਮੁੜ ਬੁਲੰਦੀਆਂ ਤੇ ਲੈ ਜਾਇਆ ਜਾਏਗਾ। ਐਸਜੀਪੀਸੀ ਮੈਂਬਰ ਗੁਰਮਿੰਦਰ ਸਿੰਘ ਮੱਥਾਰੂ ਦੀ ਸਰਪ੍ਰਸਤੀ ਹੇਠ ਇਹ ਚੋਣ ਕਾਰਵਾਈ ਕਰਵਾਈ ਗਈ ਸੀ।
ਰਿਟਰਨਿੰਗ ਅਫ਼ਸਰ ਉਂਕਾਰ ਸਿੰਘ ਜਿਨ੍ਹਾਂ ਚੋਣ ਦੀ ਦੇਖ ਰੇਖ ਕੀਤੀ ਸੀ, ਨੇ ਜਿੱਤੇ ਹੋਏ ਮੈਂਬਰਾਂ ਦਾ ਨਾਮ ਐਲਾਨ ਕੀਤਾ ਸੀ। ਸਰਦਾਰ ਅਮਰਜੀਤ ਸਿੰਘ ਵਾਈਸ ਚੇਅਰਮੈਨ, ਦਲਬੀਰ ਕੌਰ ਅਤੇ ਸਰਬਜੀਤ ਕੌਰ (ਮਹਿਲਾ ਡਾਇਰੈਕਟਰ), ਬਲਦੇਵ ਸਿੰਘ, ਗੁਰਚਰਨ ਸਿੰਘ, ਗੁਰਸ਼ਰਨ ਸਿੰਘ, ਹਰਜੀਤ ਸਿੰਘ, ਰਜਿੰਦਰ ਸਿੰਘ, ਸੱਤਪਾਲ ਸਿੰਘ, ਸੁਰਿੰਦਰਪਾਲ ਸਿੰਘ ਅਤੇ ਸੁਖਦੇਵ ਸਿੰਘ ਰਾਇਤ (ਡਾਇਰੈਕਟਰ) ਲਈ ਚੁਣੇ ਗਏ ਹਨ।