(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਹਰ ਗੁਰਸਿੱਖ ਨੂੰ ਗੁਰੂ ਬਚਨਾਂ ‘ਤੇ ਪੂਰਨ ਭਰੋਸਾ ਹੈ ਕਿ ਗੁਰੂਘਰ ‘ਚ ਚੱਲ ਕੇ ਸ਼ਰਨ ਆਇਆਂ ਨੂੰ ਅਵੱਸ਼ ਮੁਆਫ਼ੀ ਮਿਲਦੀ ਹੈ। ਗੁਰੂ ਪੰਥ ਵੱਲੋਂ ਖ਼ਾਰਜ ਕੀਤਾ ਗਿਆ ਵਿਅਕਤੀ ਕਿਸੇ ਵੀ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਾਜ਼ਰ ਹੋ ਕੇ ਗੁਰੂ ਪੰਥ ਦੇ ਸਿਧਾਂਤ, ਮਰਯਾਦਾ ਤੇ ਪਰੰਪਰਾ ਨੂੰ ਸਵੀਕਾਰ ਕਰਦਿਆਂ ਆਪਣਾ ਰੋਮ ਰੋਮ ਗੁਰੂ ਪੰਥ ਨੂੰ ਸਮਰਪਿਤ ਕਰਦਾ ਹੈ ਤਾਂ ਉਸ ਦੇ ਔਗੁਣਾਂ ਨੂੰ ਦੂਰ ਕਰਦਿਆਂ ਪੰਥਕ ਪਰਿਵਾਰ ਦਾ ਮੁੜ ਹਿੱਸਾ ਬਣਾ ਕੇ ਚੜ੍ਹਦੀ ਕਲਾ ਵਾਲਾ ਜੀਵਨ ਪ੍ਰਦਾਨ ਕੀਤਾ ਜਾਂਦਾ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਤਨਖ਼ਾਹ ਪੂਰੀ ਕਰ ਰਹੇ ਹੋਣ ਕਰਕੇ ਉਸ ਵਕਤ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸਨ। ਇਸ ਲਈ ਉਨ੍ਹਾਂ ਉਪਰ ਕੀਤਾ ਗਿਆ ਹਮਲਾ ਇਕ ਤਰਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸਾਹਿਬ ਦੇ ਫ਼ੈਸਲੇ ‘ਤੇ ਹਮਲਾ ਹੈ।
ਸਿੱਖ ਪਰੰਪਰਾ ਅਨੁਸਾਰ ਪੰਜ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਗੁਨਾਹਾਂ ਲਈ ਤਨਖ਼ਾਹ ਲਗਾ ਦਿੱਤੀ ਸੀ ਤਾਂ ਕਿਸੇ ਵੀ ਸਿੱਖ ਮਾਈ ਭਾਈ ਨੂੰ ਸੁਖਬੀਰ ਸਿੰਘ ਬਾਦਲ ਨੂੰ ਨੁਕਸਾਨ ਪਹੁੰਚਾਉਣ ਕੋਈ ਹੱਕ ਨਹੀਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਿਰਮੌਰ ਅਦਾਲਤ ਹੈ ਜਿਸ ਕਰਕੇ ਇੱਥੋਂ ਦਿੱਤੇ ਗਏ ਹੁਕਮਾਂ ਨੂੰ ਮੰਨਣਾ ਹਰ ਗੁਰਸਿੱਖ ਲਈ ਲਾਜ਼ਮੀ ਹੈ। ਕੋਈ ਉਕਤ ਆਦੇਸ਼ ਨਾਲ ਅਸਹਿਮਤੀ ਹੈ ਤਾਂ ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਹੁੰਚ ਤੇ ਅਪੀਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਮਲਾਵਰ ਵਿਰੁੱਧ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਕਰਨ ਦੀ ਲੋੜ ਹੈ ਕਿਉਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੀ ਤਨਖ਼ਾਹ ਪੂਰੀ ਕਰਨ ਖ਼ਾਤਰ ਸ੍ਰੀ ਦਰਬਾਰ ਸਾਹਿਬ ਘੰਟਾ ਘਰ ਵਾਲੀ ਡਿਊਟੀ ਦੇ ਬਾਹਰ ਬੈਠ ਕੇ ਸੇਵਾ ਨਿਭਾਅ ਰਹੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਕੇ ਹਮਲਾਵਰ ਨੇ ਸਿੱਖ ਪੰਥ ਦੀ ਆਨ ਤੇ ਸ਼ਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਟਿੱਚ ਜਾਣਿਆ ਅਤੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।