(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਵਿਸਾਖੀ 1978 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਕਲੀ ਨਿਰੰਕਾਰੀਆਂ ਦੇ ਗੁਰੂ ਡੰਮ੍ਹ ਦਾ ਵਿਰੋਧ ਕਰਦਿਆਂ ਸ਼ਹੀਦ ਹੋਏ ਅਖੰਡ ਕੀਰਤਨੀ ਜੱਥੇ ਦੇ ਮੋਢੀ ਸਿੰਘ ਭਾਈ ਫੌਜਾ ਸਿੰਘ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਰੱਖਣ ਵਾਲੇ ਬਾਪੂ ਸੂਰਤ ਸਿੰਘ ਜੀ ਪਿਛਲੇ ਦਿਨੀਂ ਗੁਰੂ ਹੁਕਮਾਂ ਅਨੁਸਾਰ ਅਕਾਲ ਚਲਾਣਾ ਕਰ ਗਏ ਹਨ। ਬੀਬੀ ਅਮਰਜੀਤ ਕੌਰ ਅਤੇ ਬਾਪੂ ਸੂਰਤ ਸਿੰਘ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਪ੍ਰਧਾਨ ਬੀਬੀ ਰਣਜੀਤ ਕੌਰ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਬੀਬੀ ਅਮਰਜੀਤ ਕੌਰ ਜੀ ਨੇ ਪੰਥਕ ਸੇਵਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਸੀ ਜਿਸ ਕਰਕੇ ਜਿੰਦਗੀ ਦੇ ਕੁਝ ਅਨਮੋਲ ਸਮੇਂ ਨੂੰ ਜੇਲ੍ਹ ਅੰਦਰ ਵੀ ਗੁਜਾਰਨਾ ਪਿਆ ਸੀ । ਇਸੇ ਤਰ੍ਹਾਂ ਬਾਪੂ ਸੂਰਤ ਸਿੰਘ ਵਲੋਂ ਵੀ ਪਹਿਲਾਂ ਸਾਕਾ ਨੀਲਾ ਤਾਰਾ ਸਮੇਂ ਸੇਵਾਵਾਂ ਵਿਚ ਹਿੱਸਾ ਲਿਆ ਗਿਆ ਸੀ ਉਪਰੰਤ ਬੰਦੀ ਸਿੰਘਾਂ ਦੀ ਰਿਹਾਈ ਲਈ ਉਨ੍ਹਾਂ ਵਲੋਂ ਅੱਠ ਸਾਲ ਤਕ ਭੁੱਖ ਹੜਤਾਲ ਰੱਖ ਕੇ ਸਰਕਾਰ ਨੂੰ ਹਲੂਣਾ ਦਿੱਤਾ ਸੀ ਪਰ ਸਰਕਾਰ ਆਪਣਾ ਅਡਿਅਲ ਰਵੀਈਏ ਤੋਂ ਟਸ ਮਸ ਨਹੀਂ ਹੋਈ ਤੇ ਬਾਪੂ ਜੀ ਦੀ ਤਬੀਯਤ ਨਾਸਾਜ਼ ਹੁੰਦੀ ਗਈ । ਪੰਥ ਵੱਲੋਂ ਇੰਨ੍ਹਾ ਦੀਆਂ ਮਹਾਨ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

ਬੀਬੀ ਅਮਰਜੀਤ ਕੌਰ ਅਤੇ ਬਾਪੂ ਸੂਰਤ ਸਿੰਘ ਨੇ ਆਪਣਾ ਸਾਰਾ ਜੀਵਨ ਸਿੱਖੀ ਸਿਦਕ ਵਿੱਚ ਰਹਿੰਦਿਆਂ ਦ੍ਰਿੜਤਾ ਨਾਲ ਪੰਥ ਦੀ ਸੇਵਾ ਕਰਦਿਆਂ ਬਿਤਾਇਆ ।
ਇੰਨ੍ਹਾ ਵਲੋਂ ਕੀਤੀਆਂ ਗਈਆਂ ਪੰਥਕ ਸੇਵਾਵਾ ਸਿੱਖ ਸੰਗਤਾਂ ਅਤੇ ਬੀਬੀਆਂ ਲਈ ਪ੍ਰੇਰਨਾ ਸ੍ਰੋਤ ਸਨ। ਅਸੀਂ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਆਪ ਜੀ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪੰਥ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਸੂਝ ਬੂਝ ਬਖਸ਼ਿਸ਼ ਕਰਨ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version