ਕਮੇਟੀ ਸਟਾਫ ਦੀਆਂ ਤਨਖਾਹਾਂ ਵਿਚ 10 ਫੀਸਦੀ ਵਾਧੇ ਦੀ ਵੀ ਪ੍ਰਵਾਨਗੀ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਲਈ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਅਤੇ ਕਮੇਟੀ ਦੇ ਸਟਾਫ ਵਾਸਤੇ ਤਨਖਾਹਾਂ ਵਿਚ 10 ਫੀਸਦੀ ਵਾਧੇ ਦਾ ਫੈਸਲਾ ਲਿਆ ਹੈ। ਇਹ ਜਾਣਕਾਰੀ ਕਮੇਟੀ ਪ੍ਰਧਾਨ ਮੰਤਰੀ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦਿੱਤੀ।
ਅੱਜ ਇਥੇ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਮਗਰੋਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅੱਜ ਸਵੇਰੇ ਪਹਿਲਾਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਕਮੇਟੀ ਦੀ ਮੀਟਿੰਗ ਹੋਈ ਤੇ ਫਿਰ ਦਿੱਲੀ ਗੁਰਦੁਆਰਾ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ ਜਿਸ ਵਿਚ ਅਹਿਮ ਫੈਸਲੇ ਲਏ ਗਏ ਹਨ।
ਉਹਨਾਂ ਦੱਸਿਆ ਕਿ ਜਿਥੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਸਟਾਫ ਲਈ 7ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਫੈਸਲਾ ਲਿਆ ਗਿਆ, ਉਥੇ ਹੀ ਕੋਰੋਨਾ ਕਾਲ ਤੇ ਕਿਸਾਨ ਅੰਦੋਲਨ ਦੌਰਾਨ ਕਮੇਟੀ ਦਾ ਡੱਟ ਕੇ ਸਾਥ ਦੇਣ ਵਾਲੇ ਕਮੇਟੀ ਮੁਲਾਜ਼ਮਾਂ ਲਈ ਤਨਖਾਹਾਂ ਵਿਚ 10 ਫੀਸਦੀ ਵਾਧਾ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ।
ਉਹਨਾਂ ਦੱਸਿਆ ਕਿ ਨਾਲ ਹੀ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਬੀਤੇ ਸਮੇਂ ਦੌਰਾਨ ਖਾਸ ਤੌਰ ’ਤੇ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੇ ਕਾਰਜਕਾਲ ਦੌਰਾਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਜੋ ਅੰਨ੍ਹਵਾਹ ਭਰਤੀ ਕੀਤੀ ਗਈ ਤੇ ਜਿਹੜੀਆਂ ਪੋਸਟਾਂ ਵੀ ਸਿੱਖਿਆ ਵਿਭਾਗ ਨਹੀਂ ਬਣਦੀਆਂ ਸਨ.
ਉਹਨਾਂ ’ਤੇ ਕੀਤੀ ਭਰਤੀ ਖਾਰਜ ਕੀਤੀ ਜਾਵੇਗੀ ਤੇ ਅਜਿਹੇ ਸਟਾਫ ਨੂੰ ਸਿੱਖਿਆ ਵਿਭਾਗ ਦੀ ਨੀਤੀ ਮੁਤਾਬਕ ਕੱਢਿਆ ਜਾਵੇਗਾ ਤੇ ਇਸ ਮਾਮਲੇ ਵਿਚ ਕਮੇਟੀ ਕੋਈ ਆਪਣੀ ਨੀਤੀ ਨਹੀਂ ਬਣਾਏਗੀ ਬਲਕਿ ਸਥਾਪਿਤ ਵਿਧੀ ਵਿਧਾਨ ਮੁਤਾਬਕ ਸਿੱਖਿਆ ਵਿਭਾਗ ਦੀਆਂ ਨੀਤੀਆਂ ਮੁਤਾਬਕ ਹੀ ਫੈਸਲੇ ਲਏ ਜਾਣਗੇ। ਉਹਨਾਂ ਦੱਸਿਆ ਕਿ ਇਸ ਵਾਸਤੇ ਕਾਰਜਕਾਰਨੀ ਕਮੇਟੀ ਨੇ ਇਕ ਕਮੇਟੀ ਦਾ ਗਠਨ ਕੀਤਾ ਹੈ ਜੋ ਅਜਿਹੇ ਸਟਾਫ ਨੂੰ ਕੱਢਣ ਨਾਲ ਪੈਣ ਵਾਲੇ ਆਰਥਿਕ ਬੋਝ ਬਾਰੇ ਫੈਸਲਾ ਲਵੇਗੀ। ਉਹਨਾਂ ਕਿਹਾ ਕਿ ਸਾਰਾ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਹ ਵੀ ਫੈਸਲਾ ਲਿਆ ਗਿਆ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਵਿਦਿਆਰਥੀ ਫੀਸਾਂ ਵਿਚ ਕਾਫੀ ਦੇਰ ਤੋਂ ਵਾਧਾ ਨਹੀਂ ਕੀਤਾ ਗਿਆ ਤੇ ਇਸ ਲਈ ਹੁਣ ਫੀਸਾਂ ਵਿਚ ਵੀ ਵਾਧਾ ਕੀਤਾ ਜਾਵੇਗਾ ਤੇ ਪਰ ਅਜਿਹਾ ਕਰਦਿਆਂ ਇਹ ਧਿਆਨ ਰੱਖਿਆ ਜਾਵੇਗਾ ਕਿ ਫੀਸਾਂ ਉਨੀਆਂ ਹੀ ਵਧਾਈਆਂ ਜਾਣਗੀਆਂ ਕਿ ਮਾਪਿਆਂ ’ਤੇ ਵਾਧੂ ਆਰਥਿਕ ਬੋਝ ਨਾ ਪਵੇ।