ਸ਼੍ਰੋਮਣੀ ਕਮੇਟੀ ਨੇ 10 ਲੱਖ ਰੁਪਏ ਦੀ ਮਦਦ ਦਾ ਕੀਤਾ ਐਲਾਨ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

1984 ਸਿੱਖ ਕਤਲੇਆਮ ਦੀ 40ਵੀਂ ਬਰਸੀ ਮੌਕੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸ਼ਹੀਦਗੰਜ ਸਾਹਿਬ, ਤਿਲਕ ਵਿਹਾਰ ਜਿੱਥੇ ਸਿੱਖ ਕਤਲੇਆਮ ਪੀੜਿਤ ਵਿਧਵਾਵਾਂ ਰਹਿਦੀਆਂ ਹਨ, ਵਿਖੇ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਦੌਰਾਨ ਉਘੇ ਰਾਗੀ ਸਿੰਘਾਂ ਅਤੇ ਕਥਾਵਾਚਕਾ ਵਲੋਂ ਗੁਰੂ ਜਸ ਗਾਇਨ ਕਰਕੇ ਸੰਗਤਾਂ ਨੂੰ ਗੁਰਬਾਣੀ ਅਤੇ ਕਤਲੇਆਮ ਬਾਰੇ ਦਸਿਆ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਵੀ ਇਸ ਮੌਕੇ ਸ਼ਾਮਲ ਹੋਏ। ਧਾਮੀ ਨੇ ਮ੍ਰਿਤਕਾਂ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਲਈ ਸ਼੍ਰੋਮਣੀ ਕਮੇਟੀ ਵੱਲੋਂ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਵੀ ਐਲਾਨ ਕੀਤਾ। ਧਾਮੀ ਨੇ ਕਿਹਾ ਕਿ ਪਿਛਲੇ ਸਾਲ ਵੀ ਸ਼੍ਰੋਮਣੀ ਕਮੇਟੀ ਨੇ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਸੀ। ਸ਼੍ਰੋਮਣੀ ਕਮੇਟੀ ਪੀੜਤ ਪਰਿਵਾਰਾਂ ਦੀ ਹਰ ਪ੍ਰਕਾਰ ਦੀ ਮਦਦ ਲਈ ਤਿਆਰ ਹੈ। ਸ਼੍ਰੋਮਣੀ ਕਮੇਟੀ ਇਨਸਾਫ਼ ਦੀ ਲੜਾਈ ‘ਚ ਲੋੜੀਂਦਾ ਹਿੱਸਾ ਵੀ ਪਾਵੇਗੀ। ਜੀਕੇ ਸਾਬ ਨੇ ਮੈਨੂੰ ਕਿਸੇ ਪੀੜਤ ਬੀਬੀ ਦੀ ਮਦਦ ਲਈ ਕਿਹਾ ਹੈ। ਅਸੀਂ ਆਪਣੇ ਲੋਕਾਂ ਦੇ ਨਾਲ ਖੜ੍ਹੇ ਸੀ ਤੇ ਖੜ੍ਹੇ ਹਾਂ।

ਜੀਕੇ ਨੇ ਪੀੜਤਾਂ ਨੂੰ 1984 ਦਾ ਇਨਸਾਫ਼, ਮੁੜ ਵਸੇਬਾ ਤੇ ਹੋਰ ਸਮਾਜਿਕ ਸਹੁਲਤਾਂ ਉਪਲਬੱਧ ਕਰਵਾਉਣ ਬਾਰੇ ਸਰਕਾਰੀ ਤੰਤਰ ਦੇ ਰਵਈਏ ਉਤੇ ਨਰਾਜ਼ਗੀ ਜ਼ਾਹਿਰ ਕੀਤੀ। ਜੀਕੇ ਨੇ ਕੇਂਦਰ ਸਰਕਾਰ ਨੂੰ 1984 ਸਿੰਖ ਕਤਲੇਆਮ ਲਈ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਦੀ ਤਜਵੀਜ਼ ਦਿੱਤੀ। ਜੀਕੇ ਨੇ ਕਿਹਾ ਕਿ ਜੇਕਰ ਪੜਚੋਲ ਕਰੀਏ ਤਾਂ ਇਨਸਾਫ਼ ਦੇ ਮਾਮਲੇ ‘ਚ ਸਾਡੇ ਨਾਲ ਸੁਪਰੀਮ ਕੋਰਟ ਵੀ ਖੜ੍ਹਾ ਨਹੀਂ ਹੋਇਆ। ਜਦਕਿ 2002 ਦੇ ਗੁਜਰਾਤ ਦੰਗਿਆਂ ਦੇ ਸਮੇਂ ਸੁਪਰੀਮ ਕੋਰਟ ਨੇ ਖੁਦ ਸੰਗਿਆਨ ਲੈਂਦੇ ਹੋਏ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਰਾਹ ਪੱਧਰਾ ਕੀਤਾ ਸੀ। ਇਹੀ ਕਾਰਨ ਹੈ ਕਿ ਗੁਜਰਾਤ ਦੰਗਿਆਂ ਦੇ ਮਾਮਲੇ ‘ਚ ਮੰਤਰੀ ਤੱਕ ਨੂੰ ਸਜ਼ਾਵਾਂ ਮਿਲੀਆਂ। ਜਦਕਿ ਗੁਜਰਾਤ ਦੰਗੇ ‘ਚ ਦੋਵੇਂ ਤਰਫੋਂ ਲੋਕ ਮਾਰੇ ਗਏ ਸਨ। ਪਰ ਸਿੱਖ ਕਤਲੇਆਮ ਦੌਰਾਨ ਇਕਤਰਫਾ ਸਿਰਫ ਸਿੱਖਾਂ ਦਾ ਕਤਲ ਹੋਇਆ ਸੀ।

ਜੀਕੇ ਨੇ ਰਿਟਾਇਰ ਹੋ ਰਹੇ ਚੀਫ਼ ਜਸਟਿਸ ਆਫ ਇੰਡੀਆ, ਜਸਟਿਸ ਡੀ.ਵਾਈ. ਚੰਦਰਚੂੜ ਨੂੰ ਸਿੱਖਾਂ ਤੋਂ ਸੁਪਰੀਮ ਕੋਰਟ ਵੱਲੋਂ ਇਸ ਕਤਲੇਆਮ ਦੌਰਾਨ ਆਪਣੀ ਅੱਖਾਂ ਬੰਦ ਕਰਕੇ ਰੱਖਣ ਲਈ ਮੁਆਫ਼ੀ ਮੰਗਣ ਦੀ ਅਪੀਲ ਕੀਤੀ। ਜੀਕੇ ਨੇ ਚੇਤਾ ਕਰਵਾਇਆ ਕਿ 1984 ‘ਚ ਉਨ੍ਹਾਂ ਦੇ ਪਿਤਾ ਜਸਟਿਸ ਵਾਈ.ਵੀ. ਚੰਦਰਚੂੜ, ਚੀਫ਼ ਜਸਟਿਸ ਆਫ ਇੰਡੀਆ ਸਨ। ਪਰ ਉਹ ਨਿਰਦੋਸ਼ ਸਿੱਖਾਂ ਨਾਲ ਹੋਏ ਗੈਰ ਮਨੁੱਖੀ ਵਰਤਾਰੇ ਦੇ ਖਿਲਾਫ ਸ਼ਕੀ ਤਰੀਕੇ ਨਾਲ ਚੁੱਪ ਰਹੇ। ਜਦਕਿ ਭਾਰਤੀ ਨਿਆਂਪਾਲਿਕਾ ਦਾ ਫਿਰਕੂ ਕਰਨ 1984 ਤੋਂ ਪਹਿਲਾਂ ਕਦੇ ਵੀ ਇਸ ਤੋਂ ਪਹਿਲਾਂ ਨਹੀਂ ਹੋਇਆ ਸੀ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version