(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਦੇ ਇਕ ਗੁਰਦੁਆਰਾ ਸਾਹਿਬ ਅੰਦਰ ਕੀਤੇ ਗਏ ਪੰਥ ਪ੍ਰਮਾਣਿਤ ਅਰਦਾਸ ਉਪਰ ਹਮਲੇ ਦੀ ਚਰਚਾ ਅਜੇ ਰੁਕੀ ਨਹੀਂ ਹੈਂ ਉਪਰੰਤ ਬੀਤੇ ਕਲ ਗੁਰਦੁਆਰਾ ਬੰਗਲਾ ਸਾਹਿਬ ਵਿਖ਼ੇ ਸਰਾਂ ਅੰਦਰ ਸ਼ਰਾਬ ਦਾ ਸੇਵਨ ਕੀਤੇ ਜਾਣ ਦੀ ਖ਼ਬਰ ਫੈਲਦਿਆਂ ਸਿੱਖ ਪੰਥ ਦੇ ਹਿਰਦੇ ਮੁੜ ਵਲੂੰਧਰੇ ਗਏ ਹਨ। ਇਸ ਬਾਰੇ ਜਾਣਕਾਰੀ ਦੇਂਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਕਰਤਾਰ ਸਿੰਘ ਵਿਕੀ ਚਾਵਲਾ ਨੇ ਦਸਿਆ ਕਿ ਗੁਰਦੁਆਰਾ ਬੰਗਲਾ ਸਾਹਿਬ ਦੀ ਸਰਾਂ ਵਿਚ ਕਮੇਟੀ ਦੇ ਇਕ ਉੱਚ ਮੈਂਬਰ ਨੇ ਕਮਰਾ ਦਿਵਾਇਆ ਸੀ। ਸਵੇਰੇ ਕਮਰੇ ਵਿੱਚੋ ਅਵਾਜ਼ਾਂ ਆਣ ਕਰਕੇ ਸੇਵਾਦਾਰਾਂ ਨੇ ਕਮਰੇ ਦੀ ਤਲਾਸ਼ੀ ਲਈ ਤਦ ਪਤਾ ਲਗਿਆ ਕਿ ਓਥੇ ਓਹ ਲੋਕ ਸ਼ਰਾਬ ਦਾ ਸੇਵਨ ਕਰ ਰਹੇ ਸਨ ਤੇ ਮੌਕੇ ਤੇ ਮੌਜੂਦ ਸੇਵਾਦਾਰਾਂ ਨੇ ਪੁਖਤਾ ਸਬੂਤ ਬਨਾਣ ਲਈ ਮਾਮਲੇ ਦੀ ਵੀਡੀਓ ਵੀ ਬਣਾ ਲਈਆਂ।
ਸਰਦਾਰ ਚਾਵਲਾ ਨੇ ਕਿਹਾ ਕਿ ਅਸੀਂ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦੇ ਹਾਂ ਤੇ ਜੱਥੇਦਾਰ ਅਕਾਲ ਤਖਤ ਸਾਹਿਬ ਕੋਲੋਂ ਮੰਗ ਕਰਦੇ ਹਾਂ ਕਿ ਮੌਕੇ ਤੇ ਮੌਜੂਦ ਸੇਵਾਦਾਰਾਂ ਕੋਲੋਂ ਮਾਮਲੇ ਦੀ ਜਾਣਕਾਰੀ ਅਤੇ ਉਨ੍ਹਾਂ ਵਲੋਂ ਬਣਾਈ ਵੀਡੀਓ ਨੂੰ ਆਧਾਰ ਬਣਾ ਕੇ ਇਸ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏ ਜਿਸ ਨਾਲ ਅੱਗੇ ਤੋ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ ਅਤੇ ਇਸ ਮਾਮਲੇ ਬਾਰੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਨੂੰ ਆਪਣਾ ਪੱਖ ਪੇਸ਼ ਕਰਣਾ ਚਾਹੀਦਾ ਹੈਂ।