(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੀਂ ਅੰਤ੍ਰਿੰਗ ਕਮੇਟੀ ਦੀ ਚੋਣ ਵਿੱਚ ਜੋ ਸ. ਹਰਜਿੰਦਰ ਸਿੰਘ ਧਾਮੀ ਨੂੰ ਗੁਰੂ ਸਾਹਿਬ ਨੇ ਫਤਹਿ ਬਖਸ਼ੀ ਹੈ।
ਇਹ ਉਹਨਾਂ ਪੰਥ ਵਿਰੋਧੀ ਤਾਕਤਾਂ ਲਈ ਸਬਕ ਹੈ ਜਿੰਨਾ ਦਾ ਸਾਰਾ ਜ਼ੋਰ ਪੰਥਕ ਸ਼ਕਤੀ ਨੂੰ ਕਮਜ਼ੋਰ ਕਰਕੇ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਨ ਦਾ ਲੱਗਿਆ ਹੋਇਆ ਸੀ। ਜਿਸ ਤਰ੍ਹਾਂ ਦਾ ਭਾਰੀ ਸਮਰਥਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈੰਬਰਾਂ ਨੇ ਸ. ਹਰਜਿੰਦਰ ਸਿੰਘ ਧਾਮੀ ਦੇ ਹੱਕ ਵਿੱਚ ਦਿੱਤਾ ਹੈ ਉਸਨੇ ਇੱਕ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਸਿੱਖ ਸ਼ਕਤੀ ਨੂੰ ਕੋਈ ਤਾਕਤ ਖੋਰਾ ਨਹੀਂ ਲੱਗਾ ਸਕਦੀ।
ਇਸ ਮੌਕੇ ਮੈਂ ਸ. ਹਰਜਿੰਦਰ ਸਿੰਘ ਧਾਮੀ ਅਤੇ ਉਹਨਾਂ ਨਾਲ ਚੁਣੀ ਗਈ ਸਮੁੱਚੀ ਅੰਤ੍ਰਿੰਗ ਕਮੇਟੀ ਨੂੰ ਵਧਾਈ ਦਿੰਦਾ ਹਾਂ ਤੇ ਅਰਦਾਸ ਕਰਦਾ ਹਾਂ ਕਿ ਉਹ ਹੋਰ ਤਕੜੇ ਹੋ ਕੇ ਪੰਥ ਦੀ ਚੜਦੀ ਕਲਾ ਲਈ ਕਾਰਜ ਕਰਨ। ਇਸਦੇ ਨਾਲ ਹੀ ਮੈਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸਮੁੱਚੇ ਆਗੂ ਤੇ ਵਰਕਰਾਂ ਨੂੰ ਵੀ ਅਪੀਲ ਕਰਦਾ ਹਾਂ। ਆਓ ਸਾਰੇ ਆਪਸੀ ਗਿਲੇ ਸ਼ਿਕਵੇ ਦੂਰ ਕਰਦੇ ਹੋਏ ਸਿੱਖ ਪੰਥ ਦੀ ਚੜਦੀ ਕਲਾ ਲਈ ਇਕਜੁਟ ਹੋਈਏ।