(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਰਮਨਦੀਪ ਸਿੰਘ ਸੋਨੂੰ ਫੁਲ ਨੇ ਮੀਡੀਆ ਨੂੰ ਜਾਰੀ ਬਿਆਨ ‘ਚ ਦਸਿਆ ਕਿ ਵਿਵਾਦਮਈ ਕਲਾਕਾਰ ਤੇ ਮੰਡੀ, ਹਿਮਾਚਲ ਤੋਂ ਭਾਜਪਾ ਸਾਂਸਦ ਕੰਗਨਾ ਰਨੌਤ ਦੀ 6 ਸਤੰਬਰ ਦੇ ਦਿਨ ਰਿਲੀਜ਼ ਹੋਣ ਵਾਲੀ ਫਿਲਮ ‘ਐਮਰਜੈਂਸੀ’ ਖਿਲਾਫ ਦਿੱਲੀ ਅਤੇ ਪੰਜਾਬ ਦੇ ਸਿੱਖਾਂ ਵਿਚ ਸਖਤ ਰੋਸ ਹੈ। ਸੋਨੂੰ ਨੇ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਪੰਜਾਬ ਵਿਚ ਫਿਲਮ ਨੂੰ ਸਿਨੇਮਾ ਘਰਾਂ ਅੰਦਰ ਨਹੀਂ ਲੱਗਣ ਦਵੇਗਾ।

ਉਹਨਾਂ ਦਸਿਆ ਕਿ 14 ਅਗੱਸਤ ਨੂੰ ‘ਯੂਟੂਬ’ ‘ਤੇ ਰਿਲੀਜ਼ ਕੀਤੇ ਗਏ ਫਿਲਮ ਦੇ ਟ੍ਰੇਲਰ ‘ਚ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ਼ਲਤ ਪੇਸ਼ਕਾਰੀ ਕਰਦਿਆਂ ਇੰਦਰਾ ਗਾਂਧੀ ਵਲੋਂ ਸੰਤਾਂ ਨੂੰ ਉਭਾਰਨਾ ਫਿਲਮਾਇਆ ਗਿਆ ਹੈ । ਇਹ ਕੰਗਨਾ ਦੀ ਸਿੱਖ ਕੌਮ ਨੂੰ ਦੇਸ਼ ਅੰਦਰ ਦੂਜੀਆਂ ਕੌਮਾਂ ਸਾਹਮਣੇ ਬਦਨਾਮ ਕਰਕੇ ਸਿੱਖਾਂ ਖਿਲਾਫ ਫਿਰਕੂ ਮਾਹੌਲ ਬਣਾਉਣ ਦੀ ਵੱਡੀ ਸਾਜ਼ਸ਼ ਦਾ ਹਿੱਸਾ ਹੈ।

ਸੋਨੂੰ ਨੇ ਦਸਿਆ ਕਿ ਭਾਰਤ ਨੂੰ ਆਜ਼ਾਦੀ ਦਵਾਉਣ ਅਤੇ ਐਮਰਜੈਂਸੀ ਖਿਲਾਫ ਮੋਰਚੇ ਲਾ ਕੇ, ਇੰਦਰਾ ਗਾਂਧੀ ਨੂੰ ਚੈਲੰਜ ਕਰਨ ਵਿਚ ਸਿੱਖ ਕੌਮ ਦਾ ਵੱਡਾ ਹਿੱਸਾ ਹੈ, ਪ੍ਰੰਤੂ ਕੰਗਨਾ ਦੀ ਫਿਰਕੂ ਸੋਚ ਉਹ ਘਟਨਾਵਾਂ ਦੇਸ਼ ਤੋਂ ਛੁਪਾਉਣਾ ਚਾਹੁੰਦੀ ਹੈ।
ਉਹਨਾਂ ਕਿਹਾ ਕਿ ਦਿੱਲੀ ਦੀਆਂ ਸਰੱਹਦਾਂ ‘ਤੇ ਲੱਗੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਤੇ ਪੰਜਾਬ ਖਿਲਾਫ ਫਿਰਕੂ ਬਿਆਨ ਦੇਣ ਵਾਲੀ ਆਪਣੀ ਸਾਂਸਦ ਅਤੇ ਉਸਦੀ ਫਿਲਮ ਸੰਬੰਧੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਛੇਤੀ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ।

ਉਹਨਾਂ ਦਸਿਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਫਿਲਮ ਵਿਚ ਸਿੱਖਾਂ ਦੇ ਕਿਰਦਾਰ ਦੀ ਗ਼ਲਤ ਪੇਸ਼ਕਾਰੀ ਸਬੰਧੀ ਰੋਸ ਪ੍ਰਗਟਾ ਕੇ, ਭਗਵੰਤ ਮਾਨ ਸਰਕਾਰ ਨੂੰ ਫਿਲਮ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version