(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਬੀਤੇ ਲੰਮੇ ਸਮੇਂ ਤੋਂ ਪੰਥਕ ਸੇਵਾਵਾਂ ਕਰ ਰਹੇ ਸਰਦਾਰ ਹਰਜੋਤ ਸ਼ਾਹ ਸਿੰਘ ਨੂੰ ਬੀਤੇ ਦਿਨੀਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿਖ਼ੇ ਬੜੂ ਸਾਹਿਬ ਵਲੋਂ ਕਰਵਾਏ ਜਾਂਦੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਮਿੱਠੀ ਯਾਦ ਦੇ ਸਾਲਾਨਾ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦੇਂਦਿਆ ਹਰਜੋਤ ਸ਼ਾਹ ਸਿੰਘ ਨੇ ਦਸਿਆ ਕਿ ਬੀਤੇ 30 ਸਾਲਾਂ ਤੋਂ ਓਹ ਇਸ ਸਮਾਗਮ ਦੀ ਲਗਾਤਾਰ ਰਿਕਾਰਡਿੰਗ ਕਰ ਰਹੇ ਹਨ ਤੇ ਹੁਣ ਇੰਟਰਨੈਟ ਦਾ ਜਮਾਨਾ ਹੋਣ ਕਰਕੇ ਯੂ ਟਿਊਬ ਦੇ ਸਿੱਖੀ ਚੈਨਲ ਰਾਹੀਂ ਲਾਈਵ ਪ੍ਰਸਾਰਣ ਕਰਕੇ ਲੱਖਾਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਜਾ ਰਿਹਾ ਹੈ।
ਉਨ੍ਹਾਂ ਦਸਿਆ ਸਾਡਾ ਮੁੱਖ ਉਦੇਸ਼ ਸਿੱਖ ਪੰਥ ਦਾ ਪ੍ਰਚਾਰ ਪ੍ਰਸਾਰ ਕਰਣਾ ਹੈ ਜਿਸ ਲਈ ਅਸੀਂ ਸੰਗਤਾਂ ਲਈ ਗੁਰਬਾਣੀ ਦੇ ਅਰਥਾਂ ਦਾ ਲਾਈਨ ਅਤੇ ਸ਼ਬਦਾਂ ਰਾਹੀਂ ਸੁਣਨ ਦੇਖਣ ਤੇ ਪੜਨ ਲਈ ਸਲਾਈਡਾ ਤਿਆਰ ਕਰਵਾ ਰਹੇ ਹਾਂ ਜਿਸ ਦੀ ਖਾਸੀਅਤ ਇਹ ਹੋਵੇਗੀ ਕਿ ਅਸੀਂ ਪੰਕਤੀ ਜਾਂ ਸ਼ਬਦ ਦੇ ਅਰਥ ਪੜਨੇ ਜਾਂ ਸੁਣਨੇ ਹੋਣ ਉਨ੍ਹਾਂ ਨੂੰ ਸਿੱਧਾ ਲਭਿਆ ਜਾ ਸਕਦਾ ਹੈ। ਜਿਕਰਯੋਗ ਹੈ ਕਿ ਹਰਜੋਤ ਸ਼ਾਹ ਸਿੰਘ ਨੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਪਹਿਲਾਂ ਵੀ ਬਹੁਤ ਉਪਰਾਲੇ ਕੀਤੇ ਹਨ ਤੇ ਹੁਣ ਵੀ ਓਹ ਕਦੇ ਕਵੀਜ, ਚਿੱਤਕਾਰੀ ਮੁਕਾਬਲੇ ਵਰਗੇ ਉਪਰਾਲੇ ਕਰਦੇ ਰਹਿੰਦੇ ਹਨ।