ਸਿੱਖ ਮੁੱਦਿਆਂ ਦੇ ਨਾਲ ਸਿੱਖ ਏਕਤਾ ਅਤੇ ਭਾਈਚਾਰਕ ਵਿਕਾਸ ਨੂੰ ਅੱਗੇ ਵਧਾਉਣ ਲਈ ਮੰਚ
ਨਵੀਂ ਦਿੱਲੀ, 3 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਵੱਖ ਵੱਖ ਖੇਤਰਾਂ ਨਾਲ ਜੁੜੇ ਦਿੱਲੀ ਦੇ ਚੋਣਵੇਂ ਸਿੱਖ ਬੁੱਧੀਜੀਵਿਆਂ ਵੱਲੋਂ ਇੱਕ ਵਿਸ਼ੇਸ਼ ਬੈਠਕ ਵਿਚ ਯੂਨੀਫਾਈਡ ਸਿੱਖ ਰੋਡ ਮੈਪ-2030 ਬਾਰੇ ਗੰਭੀਰਤਾ ਨਾਲ ਚਰਚਾ ਕੀਤੀ ਗਈ।
ਦਿੱਲੀ ਦੇ ਆਈ.ਟੀ.ਓ. ਵਿਖੇ ਸਥਿਤ ਅਣੁਵਰਤਾ ਭਵਨ ਦੇ ਹਾਲ ਵਿਚ ਕੀਤੀ ਗਈ ਇਸ ਬੈਠਕ ਨੇ ਸਿੱਖ ਏਕਤਾ ਅਤੇ ਭਾਈਚਾਰਕ ਵਿਕਾਸ ਨੂੰ ਅੱਗੇ ਵਧਾਉਣ ਲਈ ਇੱਕ ਵਿਆਪਕ ਯੋਜਨਾ ਦੀ ਨੀਂਹ ਰੱਖੀ।
ਬੈਠਕ ਦੌਰਾਨ ਸਾਰੇ ਬੁਲਾਰਿਆਂ ਨੇ ਵੱਖ ਵੱਖ ਸਿੱਖ ਮੁੱਦਿਆਂ ਅਤੇ ਸਿੱਖ ਰੋਡ ਮੈਪ-2030 ਦੇ ਟੀਚੇ ਬਾਰੇ ਚਰਚਾ ਕੀਤੀ। ਜਿਸ ਵਿਚ ਸਿੱਖ ਐਜੂਕੇਸ਼ਨ ਨੂੰ ਉੱਚਾ ਚੁੱਕਣ ਦੇ ਨਾਲ ਨਾਲ ਇੱਕ ਅਜਿਹੇ ਪਾਠਕ੍ਰਮ ’ਤੇ ਜੋਰ ਦਿੱਤਾ ਗਿਆ ਜੋ ਅਕਾਦਮਿਕ ਉੱਤਮਤਾ ਨੂੰ ਮੂਲ ਸਿੱਖ ਕਦਰਾਂ-ਕੀਮਤਾਂ ਨਾਲ ਜੋੜਦਾ ਹੈ।
ਬੈਠਕ ਦੌਰਾਨ ਯਹੂਦੀ, ਜੈਨ ਅਤੇ ਹੋਰਨਾ ਭਾਈਚਾਰਿਆਂ ਦੇ ਚੰਗੇ ਤਜਰਬਿਆਂ ਤੋਂ ਸਿੱਖਣ ਅਤੇ ਪੂਰੀ ਦੁਨੀਆਂ ਵਿਚ ਸਿੱਖ ਪਛਾਣ ਨੂੰ ਕਾਇਮ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।
ਸਿੱਖ ਨੌਜਵਾਨਾਂ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਚਰਚਾ ਕੀਤੀ ਗਈ ਅਤੇ ਨੌਜਵਾਨ ਸਿੱਖ ਪੀੜੀ ਨੂੰ ਸਿੱਖੀ ਵਿਰਾਸਤ ਨਾਲ ਜੁੜੇ ਰਹਿਣ ਦੇ ਨਾਲ ਨਾਲ ਹੁਨਰ ਤੇ ਗਿਆਨਵਾਨ ਬਣਾਉਣ ਦੀ ਲੋੜ ਨੂੰ ਦਰਸਾਇਆ।
ਇਹ ਬੈਠਕ ਸਿੱਖ ਰੋਡਮੈਪ 2030 ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪਹਿਲਾ ਕਦਮ ਵੱਜੋ ਮੰਨੀ ਗਈ। ਇਸ ਬੈਠਕ ਵਿਚ ਬੀਬੀ ਰਣਜੀਤ ਕੌਰ, ਜਤਿੰਦਰ ਪਾਲ ਸਿੰਘ ਸੋਨੂੰ, ਬਲਵਿੰਦਰ ਸਿੰਘ ਬਾਈਸਨ, ਐਮ ਪੀ ਐਸ ਚੱਢਾ, ਡਾਕਟਰ ਪਰਮੀਤ ਸਿੰਘ ਚੱਢਾ, ਕੁਲਬੀਰ ਸਿੰਘ, ਕੰਵਲਜੀਤ ਸਿੰਘ ਜਮਨਾਪਾਰ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ। ਬੈਠਕ ਦੇ ਅੰਤ ਵਿਚ ਪ੍ਰੋਗਰਾਮ ਦੇ ਆਯੋਜਕਾਂ ਹਰਜੋਤ ਸ਼ਾਹ ਸਿੰਘ ਤੇ ਅਮਰਦੀਪ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।