(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਸਾਬਕਾ ਮੁੱਖ ਮੰਤਰੀ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ਮੌਕੇ ਉਹਨਾਂ ਦੀ ਯਾਦ ਵਿੱਚ ਕੇ.ਕੇ ਬਿਰਲਾ ਲੇਨ, ਲੋਧੀ ਅਸਟੇਟ ‘ਚ ਸਥਿਤ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਰਿਹਾਇਸ਼ ਤੇ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਦਿੱਲੀ ਦੀ ਸਿੱਖ ਸੰਗਤ ਤੇ ਅਕਾਲੀ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ, “ ਸ. ਪ੍ਰਕਾਸ਼ ਸਿੰਘ ਬਾਦਲ ਵਿੱਚ ਫੈਸਲੇ ਲੈਣ ਦੀ ਲਾਮਿਸਾਲ ਸਮਰੱਥਾ ਸੀ ਤੇ ਉਹਨਾਂ ਸਾਰੀ ਉਮਰ ਪੰਥ , ਪੰਜਾਬ ਤੇ ਪਾਰਟੀ ਲਈ ਲਗਾਈ। “ ਇਸਦੇ ਨਾਲ ਹੀ ਉਹਨਾਂ ਕਿਹਾ ਕੀ,” ਮਾਸਟਰ ਤਾਰਾ ਸਿੰਘ ਤੋਂ ਲੈ ਕੇ ਅੱਜ ਸ. ਸੁਖਬੀਰ ਸਿੰਘ ਬਾਦਲ ਤੱਕ ਹਰ ਅਕਾਲੀ ਆਗੂ ਦੀ ਕਿਰਦਾਰਕੁਸ਼ੀ ਗਿਣ ਮਿਥਕੇ ਕੀਤੀ ਜਾਂਦੀ ਰਹੀ ਹੈ ਤੇ ਸਾਡੇ ਵਿੱਚੋਂ ਹੀ ਕੁਝ ਲੋਕ ਸਰਕਾਰੀ ਕੁਹਾੜੀਆਂ ਦੇ ਦਸਤੇ ਬਣੇ ਹੋਏ ਹਨ ਪਰ ਅੱਜ ਦਾ ਇਹ ਇਕੱਠ ਸਰਕਾਰ ਨੂੰ ਇਹ ਦੱਸਣ ਲਈ ਕਾਫੀ ਹੈ ਕਿ ਸਿੱਖ ਅਕਾਲੀ ਦਲ ਦੇ ਨਾਲ ਹਨ।”

ਸ. ਸਰਨਾ ਨੇ ਕਿਹਾ ਕਿ , “ਅਸੀ ਜੰਮਣ ਤੋਂ ਅਕਾਲੀ ਹਾਂ ਤੇ ਅਕਾਲੀ ਰਹਾਂਗੇ ਤੇ ਅਕਾਲੀ ਦਲ ਨਾਲ ਔਖੇ ਵੇਲੇ ਖੜਨਾ ਸਾਡਾ ਫਰਜ਼ ਹੈ ਤੇ ਅਸੀਂ ਆਪਣਾ ਇਹ ਫਰਜ਼ ਤਨਦੇਹੀ ਨਾਲ ਪੂਰਾ ਕਰਾਂਗੇ।” ਉਹਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਮਨਜੀਤ ਸਿੰਘ ਜੀ ਕੇ ਤੇ ਮੰਦਭਾਵਨਾ ਨਾਲ ਕੀਤੀ ਜਾ ਰਹੀ ਦੂਸ਼ਣਬਾਜੀ ਦੀ ਵੀ ਨਿੰਦਾ ਕੀਤੀ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਹਰਵਿੰਦਰ ਸਿੰਘ ਸਰਨਾ ਨੇ ਸੰਬੋਧਨ ਕਰਦਿਆਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸਤ ਅੰਦਰ ਇੱਕ ਯੁੱਗ ਪੁਰਸ਼ ਆਖਿਆ ਤੇ ਕਿਹਾ ਕਿ ਇਸ ਗੱਲ ਦੀ ਤਸੱਲੀ ਹੈ ਕਿ ਉਹਨਾਂ ਦੀ ਵਿਰਾਸਤ ਨੂੰ ਉਹਨਾਂ ਦਾ ਸਪੁੱਤਰ ਸ. ਸੁਖਬੀਰ ਸਿੰਘ ਬਾਦਲ ਬਹੁਤ ਸੁਚੱਜੇ ਢੰਗ ਨਾਲ ਅੱਗੇ ਵਧਾ ਰਹੇ ਹਨ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ ਕੇ ਨੇ ਆਪਣੇ ਸੰਬੋਧਨ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਦੀ ਸਾਂਝ ਨੂੰ ਯਾਦ ਕੀਤਾ ਤੇ ਵਾਲ਼ ਹੀ ਕਿਹਾ ਕਿ , “ ਜੇਕਰ ਪੰਜਾਬ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਹੋਏ ਤਾਂ ਉਹ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਦੀ ਦੇਣ ਹਨ ਤੇ ਨਾਲ ਸਿੱਖ ਇਤਿਹਾਸ ਨਾਲ ਸੰਬੰਧਿਤ ਯਾਦਾਗਾਰਾਂ ਦੀ ਉਸਾਰੀ ਕਰਵਾਕੇ ਉਹਨਾਂ ਸਿੱਖੀ ਪ੍ਰਤੀ ਆਪਣੀ ਅਕੀਦਤ ਭੇਟ ਕੀਤੀ। “ਇਸ ਮੌਕੇ ਉਹਨਾਂ ਦਿੱਲੀ ਦੇ ਸਿੱਖਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਰਹੀ ਚੋਣ ਲਈ ਵਧ ਚੜ੍ਹ ਕੇ ਵੋਟਾਂ ਬਣਾਉਣ ਦੀ ਅਪੀਲੀ ਕੀਤੀ। ਇਸ ਮੌਕੇ ਹੋਰ ਵੀ ਪਤਵੰਤੀਆਂ ਸਖਸ਼ੀਅਤਾਂ ਨੇ ਸੰਬੋਧਨ ਕਰਦਿਆਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ।

ਇਸ ਮੌਕੇ ਪਰਮਜੀਤ ਸਿੰਘ ਵੀਰਜੀ ਅਤੇ ਪਾਰਟੀ ਦੀ ਦਿੱਲੀ ਇਕਾਈ ਦੇ ਸਕੱਤਰ ਜਨਰਲ ਸ. ਜਤਿੰਦਰ ਸਿੰਘ ਸਾਹਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਜਤਿੰਦਰ ਸਿੰਘ ਸੋਨੂੰ, ਸ. ਪਰਮਜੀਤ ਸਿੰਘ ਰਾਣਾ, ਸ. ਸਤਨਾਮ ਸਿੰਘ ਖ਼ਾਲਸਾ, ਯੂਥ ਪ੍ਰਧਾਨ ਸ. ਰਮਨਦੀਪ ਸਿੰਘ ਸੋਨੂੰ, ਸ. ਅਮਰੀਕ ਸਿੰਘ ਵਿਕਾਸਪੁਰੀ, ਸ. ਕੁਲਤਰਨ ਸਿੰਘ ਕੋਚਰ, ਸ. ਤਲਵਿੰਦਰ ਸਿੰਘ ਮਰਵਾਹ, ਸ. ਸਤਨਾਮ ਸਿੰਘ ਜੱਗਾ, ਸ. ਕਰਤਾਰ ਸਿੰਘ ਚਾਵਲਾ, ਸ. ਸੁਰਿੰਦਰ ਸਿੰਘ ਦਾਰਾ, ਸ. ਮੋਹਿੰਦਰ ਸਿੰਘ, ਸ. ਗੁਰਵਿੰਦਰ ਸਿੰਘ ਮਠਾੜੂ, ਸ. ਅਰਵਿੰਦਰ ਸਿੰਘ ਰਾਣਾ ਬਾਗ ਤੇ ਸ. ਮਨਜੀਤ ਸਿੰਘ ਸਰਨਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version