(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਆਮ ਆਦਮੀ ਪਾਰਟੀ ‘ਚ ਕੇਜਰੀਵਾਲ ਵਲੋਂ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਦਿੱਲੀ ਸਰਕਾਰ ਦੀ ਨਵੀਂ ਕੈਬਨਿਟ ਦਾ ਗਠਨ ਕੀਤਾ ਗਿਆ ਹੈ। ਆਤਿਸ਼ੀ ਮਾਰਲੇਨਾ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਆਪਣੀ ਨਵੀਂ ਕੈਬਨਿਟ ਦਾ ਗਠਨ ਕੀਤਾ ਹੈ, ਪਰ ਨੈਸ਼ਨਲ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਇਸ ਗੱਲ ਦੀ ਨਿਖੇਧੀ ਕੀਤੀ ਹੈ ਕਿ ਪੂਰੀ ਕੈਬਨਿਟ ਵਿੱਚ ਇੱਕ ਵੀ ਸਿੱਖ ਨੂੰ ਮੰਤਰੀ ਨਹੀਂ ਬਣਾਇਆ ਗਿਆ।
ਉਨ੍ਹਾਂ ਕਿਹਾ ਕਿ ਜਦੋਂ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ‘ਤੇ ਸਨ ਤਾਂ ਵੀ ਕਿਸੇ ਸਿੱਖ ਨੂੰ ਮੰਤਰੀ ਨਹੀਂ ਬਣਾਇਆ ਗਿਆ ਸੀ ਤੇ ਓਸੇ ਨੀਤੀ ਅਧੀਨ ਆਤੀਸ਼ੀ ਮਾਰਲੇਨਾ ਵੀ ਸਿੱਖਾਂ ਨੂੰ ਅਖੌ ਪਰੋਖੇ ਕਰ ਰਹੀ ਹੈ। ਪੰਮਾ ਨੇ ਆਪ ਪਾਰਟੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਆਮ ਆਦਮੀ ਪਾਰਟੀ ਕੋਲ ਕੋਈ ਵੀ ਸਿੱਖ ਵਿਧਾਇਕ ਮੰਤਰੀ ਬਣਨ ਦੇ ਕਾਬਲ ਨਹੀਂ ਹੈ ਜਾਂ ਉਹ ਦੋਗਲੀ ਨੀਤੀ ਖੇਡ ਕੇ ਸਿੱਖ ਸਮਾਜ ਨੂੰ ਗੁੰਮਰਾਹ ਕਰ ਰਹੇ ਹਨ।