ਆਰਪੀ ਸਿੰਘ ਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਣ ਲਈ ਕਨੂੰਨੀ ਕਾਰਵਾਈ ਦੀ ਮੰਗ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਜਿਸ ਸਮੇਂ ਤੋਂ ਸਿੱਖ ਧਰਮ ਹੋਂਦ ਵਿੱਚ ਆਇਆ ਹੈ, ਉਸੇ ਸਮੇਂ ਤੋਂ ਕੱਟੜਵਾਦੀ ਹਿੰਦੂ ਵਿਦਵਾਨਾਂ ਵੱਲੋਂ ਸਿੱਖ ਧਰਮ ਨੂੰ ਇੱਕ ਵਿਲੱਖਣ ਤੇ ਨਿਆਰਾ ਧਰਮ ਮੰਨਣ ਦੀ ਥਾਂ, ਇਸ ਨੂੰ ਹਿੰਦੂ ਧਰਮ ਦਾ ਇੱਕ ਹਿੱਸਾ ਜ਼ਬਰਦਸਤੀ ਗਰਦਾਨੇ ਜਾਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਅਖੰਡ ਕੀਰਤਨੀ ਜੱਥਾ (ਦਿੱਲੀ) ਦੇ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਕਿ ਭਾਜਪਾ ਦੇ ਆਰਪੀ ਸਿੰਘ ਵਰਗੇ ਅਖੌਤੀ ਜੋ ਸਿੱਖ ਹੋਣ ਦਾ ਦਾਹਵਾ ਕਰਦੇ ਰਹਿੰਦੇ ਹਨ ਕੁਰਸੀ ਦੀ ਭੁੱਖ ਅਤੇ ਚਾਪਲੂਸੀਆਂ ਕਰਕੇ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦਸ ਰਹੇ ਹਨ।
ਉਨ੍ਹਾਂ ਨੂੰ ਚੇਤੇ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਕਿ “ਨਾ ਹਮ ਹਿੰਦੂ ਨਾ ਮੁਸਲਮਾਨ॥ ਅਲਾਹ ਰਾਮ ਕੇ ਪਿੰਡ ਪਰਾਨ॥” ਅਤੇ ਸਿੱਖ ਧਰਮ ਦਸ ਗੁਰੂਆਂ ਦੀ ਓਹ ਦੇਣ ਹੈ ਜਿਸ ਸਦਕਾ ਅਜ ਸੰਸਾਰ ਅੰਦਰ ਮਨੁੱਖਤਾ ਦੀ ਸੇਵਾ ਦਾ ਨਾਮ ਰੋਸ਼ਨ ਹੋਇਆ ਹੈ ਜਬਰ ਅਤੇ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕਰਣ ਦੀ ਹਿੰਮਤ ਪੈਦਾ ਹੋਈ ਹੈ । ਸਿੱਖ ਧਰਮ ਜੋ ਕਿ ਦਸਮ ਪਾਤਸ਼ਾਹ ਵਲੋਂ ਅੰਮ੍ਰਿਤ ਸੰਚਾਰ ਤੋਂ ਬਾਅਦ ਖਾਲਸਾ ਪੰਥ ਸਜ ਗਿਆ ਸੀ ਪਰਮਾਤਮਾ ਦੀ ਮੌਜ ਵਿੱਚੋ ਪ੍ਰਗਟ ਹੋਇਆ “ਖਾਲਸਾ ਅਕਾਲ ਪੁਰਖ ਕੀ ਫੌਜ ।। ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ” ।। ਹੈ ਨਾ ਕਿ ਕਿਸੇ ਹਿੰਦੂ ਧਰਮ ਦਾ ਹਿੱਸਾ।
ਸਿੱਖ ਧਰਮ ਇਨਸਾਨੀਅਤ ਦੇ ਤੌਰ ’ਤੇ ਹਿੰਦੂ, ਮੁਸਲਮਾਨ, ਈਸਾਈ, ਬੋਧੀ, ਜੈਨੀ, ਜਹੂਦੀ, ਪਾਰਸੀ ਆਦਿਕ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਸਾਰੀ ਮਨੁੱਖਤਾ ਨੂੰ ਇੱਕ ਅਕਾਲ ਪੁਰਖ ਦੀ ਅੰਸ਼ ਜਾਣ ਕੇ ਆਪਸੀ ਭਾਈਚਾਰਾ ਕਾਇਮ ਰੱਖਣ ਦਾ ਹਾਮੀ ਹੈ: ‘ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥’ (611)। ਇੱਕ ਪਿਤਾ ਦੇ ਪੁੱਤਰ ਹੋਣ ਦੇ ਨਾਤੇ ਕਿਸੇ ਨਾਲ ਵੈਰ ਭਾਵਨਾ ਰੱਖਣ ਦੇ ਵਿਰੁੱਧ ਹੈ ਅਤੇ ਸਭ ਨਾਲ ਮਿੱਤਰਤਾ ਕਾਇਮ ਰੱਖਣ ਦਾ ਚਾਹਵਾਨ ਹੈ: ‘ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥’ (671) ਅਤੇ ‘ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥’ (1299)। ਪਰ ਆਪਣੇ ਆਪ ਨੂੰ ਕਦਾਚਿਤ ਵੀ ਹਿੰਦੂ ਜਾਂ ਹੋਰ ਕਿਸੇ ਧਰਮ ਦਾ ਹਿੱਸਾ ਜਾਂ ਪਿਛਲੱਗ ਬਣਨ ਲਈ ਤਿਆਰ ਨਹੀਂ ਹੈ।
ਇਸ ਦਾ ਕਾਰਣ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ 10 ਸਾਲ ਦੀ ਉਮਰ ਵਿੱਚ ਹੀ ਹਿੰਦੂ ਧਰਮ ਦੀ ਪਵਿੱਤਰ ਮੰਨੀ ਗਈ ਰਸਮ ਜਨੇਊ ਪਹਿਨਣ ਤੋਂ ਇਨਕਾਰ ਕਰਕੇ ਇਹ ਦੱਸ ਦਿੱਤਾ ਸੀ ਕਿ ਉਹ ਹਿੰਦੂ ਨਹੀਂ ਅਤੇ ਉਸ ਦਾ ਧਰਮ ਕੋਈ ਹੋਰ ਹੈ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦੇ ਰਚਨਹਾਰੇ 6 ਗੁਰੂਆਂ ਸਮੇਤ ਸਾਰੇ ਹੀ ਭਗਤ ਸਾਹਿਬਾਨ ਨੇ; ਉਸ ਸਮੇਂ ਭਾਰਤ ਵਿੱਚ ਪ੍ਰਚਲਤ ਹਿੰਦੂ, ਇਸਲਾਮ, ਜੋਗ ਅਤੇ ਜੈਨ ਧਰਮ ਦੇ ਮੁੱਢਲੇ ਸਿਧਾਂਤਾਂ ਅਤੇ ਅੰਧਵਿਸ਼ਵਾਸ਼ਾਂ ’ਤੇ ਜ਼ਬਰਦਸਤ ਚੋਟ ਕਰਦੇ ਹੋਏ ਉਨ੍ਹਾਂ ਨੂੰ ਮੰਨਣ ਤੋਂ ਇਨਕਾਰੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਜੱਥੇਦਾਰ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਸਿੱਖ ਪੰਥ ਦੀਆਂ ਧਾਰਮਿਕ ਰਾਜਸੀ ਜੱਥੇਬੰਦੀਆਂ ਨੂੰ ਸਨਿਮਰ ਅਪੀਲ ਕਰਦੇ ਹਾਂ ਕਿ ਆਰਪੀ ਸਿੰਘ ਵਰਗੇਆਂ ਉਪਰ ਧਾਰਮਿਕ ਭਾਵਨਾਵਾਂ ਦਾ ਖਿਲਵਾੜ ਕਰਦਿਆਂ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਣ ਦਾ ਮਾਮਲਾ ਦਰਜ਼ ਕਰਵਾ ਕੇ ਇੰਨ੍ਹਾ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਏ ਜਿਸ ਨਾਲ ਹੋਰਾਂ ਨੂੰ ਵੀ ਸਿੱਖ ਪੰਥ ਨਾਲ ਛੇੜਛਾੜ ਕਰਣ ਦਾ ਹੋਂਸਲਾ ਨਾ ਪੈ ਸਕੇ।