(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਉਹਨਾਂ ਖਿਲਾਫ ਦਰਜ ਭ੍ਰਿਸ਼ਟਾਚਾਰ ਦੇ ਚਾਰ ਕੇਸਾਂ ਵਿਚ ਚਾਰਜਸ਼ੀਟ ਦਾਖਲ ਹੋਣ ਤੋਂ ਬੌਖਲਾ ਗਏ ਹਨ ਤੇ ਜੀ.ਕੇ. ਤੇ ਪਰਮਜੀਤ ਸਿੰਘ ਸਰਨਾ ਮਿਲ ਕੇ ਕਮੇਟੀ ਦੀਆਂ ਕੌਮ ਦੀਆਂ ਜਾਇਦਾਦਾਂ ਵੇਚਣ ਲਈ ਉਤਾਵਲੇ ਹਨ ਪਰ ਕਮੇਟੀ ਦੀ ਮੌਜੂਦਾ ਟੀਮ ਕੌਮ ਦੀਆਂ ਜਾਇਦਾਦਾਂ ਦੀ ਰਾਖਵਾਲੀ ਹਰ ਕੀਮਤ ’ਤੇ ਕਰੇਗੀ।

ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਦੇ ਖ਼ਾਤਿਆਂ ਵਿਚੋਂ 10 ਲੱਖ ਰੁਪਏ ਦੀ ਨਗਦ ਅਦਾਇਗੀ ਕਰਨ, 1 ਲੱਖ ਕੈਨੇਡੀਅਨ ਡਾਲਰਾਂ ਦੀ ਹੇਰਾ ਫੇਰੀ ਕਰਨ ਅਤੇ ਆਪਣੀ ਧੀ ਤੇ ਜਵਾਈ ਦੀ ਕੰਪਨੀ ਦੇ ਨਾਂ ’ਤੇ ਕਮੇਟੀ ਨਾਲ ਵਪਾਰ ਕਰਨ ਸਮੇਤ 4 ਕੇਸਾਂ ਵਿਚ ਮਨਜੀਤ ਸਿੰਘ ਜੀ.ਕੇ. ਦੇ ਖਿਲਾਫ ਚਾਰਜਸ਼ੀਟਾਂ ਦਾਇਰ ਹੋ ਗਈਆਂ ਹਨ ਤੇ ਕੇਸਾਂ ਦੀ ਸੁਣਵਾਈ ਸ਼ੁਰੂ ਹੋ ਗਈ ਹੈ, ਜਿਹਨਾਂ ਵਿਚ ਇਹਨਾਂ ਨੂੰ ਸਜ਼ਾ ਹੋਣੀ ਤੈਅ ਹੈ। ਉਹਨਾਂ ਕਿਹਾ ਕਿ ਇਸ ਕਾਰਵਾਈ ਤੋਂ ਬੌਖਲਾਏ ਮਨਜੀਤ ਸਿੰਘ ਜੀ.ਕੇ. ਤੇ ਉਹਨਾਂ ਦੇ ਨਵੇਂ ਬਣੇ ਸਾਥੀ ਪਰਮਜੀਤ ਸਿੰਘ ਸਰਨਾ ਘਬਰਾਹਟ ਵਿਚ ਹਨ ਤੇ ਕਮੇਟੀ ਨੂੰ ਬਦਨਾਮ ਕਰਨ ਵਾਸਤੇ ਹਰ ਵੇਲੇ ਉਤਾਵਲੇ ਰਹਿੰਦੇ ਹਨ।

ਉਹਨਾਂ ਦੱਸਿਆ ਕਿ ਕਿਵੇਂ ਇਕ ਪਟੀਸ਼ਨ ਵਿਚ ਅਦਾਲਤ ਵਿਚ ਮੰਗ ਕੀਤੀ ਗਈ ਕਿ ਕਮੇਟੀ ਦੀਆਂ ਜਾਇਦਾਦਾਂ ਵੇਚੀਆਂ ਜਾਣ ਤਾਂ ਉਸ ’ਤੇ ਮਨਜੀਤ ਸਿੰਘ ਜੀ.ਕੇ. ਤੇ ਪਰਮਜੀਤ ਸਿੰਘ ਸਰਨਾ ਦੇ ਵਕੀਲਾਂ ਨੇ ਕੋਈ ਵਿਰੋਧ ਕਰਨ ਦੀ ਥਾਂ ਉਲਟਾ ਉਸ ਬਾਰੇ ਸਹਿਮਤੀ ਦਿੱਤੀ ਤੇ ਚੁੱਪੀ ਵੱਟੀ ਰੱਖੀ। ਉਹਨਾਂ ਕਿਹਾ ਕਿ ਕਮੇਟੀ ਦੀ ਮੌਜੂਦਾ ਟੀਮ ਤੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅਦਾਲਤ ਵਿਚ ਵੀ ਆਪੋ ਆਪਣੇ ਹਲਫੀਆ ਬਿਆਨ ਦਾਇਰ ਕੀਤੇ ਹਨ ਤੇ ਸਪਸ਼ਟ ਕੀਤਾ ਕਿ ਅਸੀ ਕੌਮ ਦੀਆਂ ਜਾਇਦਾਦਾਂ ਦਾ ਕਿਸੇ ਵੀ ਕੀਮਤ ’ਤੇ ਨੁਕਸਾਨ ਨਹੀਂ ਹੋਣ ਦੇਵਾਂਗੇ।

ਉਹਨਾਂ ਕਿਹਾ ਕਿ ਜਿਹਨਾਂ ਨੇ ਕਮੇਟੀ ਦੀਆਂ ਗੋਲਕਾਂ ਦੀ ਦੁਰਵਰਤੋਂ ਕੀਤੀ ਹੈ, ਉਹਨਾਂ ਨੂੰ ਆਪਣੇ ਕੀਤੇ ਕੰਮਾਂ ਦਾ ਨੁਕਸਾਨ ਭੁਗਤਣਾ ਪਵੇਗਾ ਤੇ ਅਦਾਲਤਾਂ ਵਿਚ ਕਾਨੂੰਨ ਰਾਹੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਕੇ ਰਹੇਗਾ। ਉਹਨਾਂ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਆਪ ਵੇਖ ਰਹੀਆਂ ਹਨ ਕਿ ਕਿਵੇਂ ਮਨਜੀਤ ਸਿੰਘ ਜੀ.ਕੇ. ਤੇ ਪਰਮਜੀਤ ਸਿੰਘ ਸਰਨਾ ਦੇ ਝੂਠ ਤੇ ਕੁਫਰ ਤੋਂ ਤੰਗ ਹੋ ਕੇ ਕੌਮ ਹਿਤੈਸ਼ੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨਾਲ ਜੁੜ ਰਹੇ ਹਨ ਤੇ ਇਹਨਾਂ ਝੂਠੇ ਤੇ ਬੇਈਮਾਨ ਆਗੂਆਂ ਨੂੰ ਛੱਡ ਰਹੇ ਹਨ।

ਉਹਨਾਂ ਕਿਹਾ ਕਿ ਸੰਗਤਾਂ ਨੇ ਪਹਿਲਾਂ ਵੀ ਇਹਨਾਂ ਨੂੰ ਨਕਾਰਿਆ ਸੀ ਤੇ ਹੁਣ ਵੀ ਨਕਾਰ ਦੇਣ ਵਾਸਤੇ ਤਿਆਰ ਬਰ ਤਿਆਰ ਹਨ। ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਅਤੇ ਪਰਮਜੀਤ ਸਿੰਘ ਸਰਨਾ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਥਕ ਮਰਿਆਦਾ ਨੂੰ ਢਾਹ ਲਾਉਂਦੇ ਆਏ ਹਨ। ਹੁਣ ਇਹਨਾਂ ਨੇ ਦਿੱਲੀ ਦੇ ਗੁਰੂ ਘਰਾਂ ਨੂੰ ਬਦਨਾਮ ਕਰਨ ਵਾਸਤੇ ਨਵਾਂ ਤਰੀਕਾ ਲੱਭ ਲਿਆ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਜਿਸ ਮਾਮਲੇ ਦੀ ਗੱਲ ਕਰ ਇਹ ਮੌਜੂਦਾ ਕਮੇਟੀ ਨੂੰ ਬਦਨਾਮ ਕਰ ਰਹੇ ਹਨ, ਅਸੀਂ ਦਸਣਾ ਚਾਹੁੰਦੇ ਹਾਂ ਜਿਵੇਂ ਹੀ ਸਾਡੇ ਧਿਆਨ ਵਿਚ ਇਹ ਮਾਮਲਾ ਆਇਆ ਤਾਂ ਅਸੀਂ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਸਸਪੈਂਡ ਕੀਤਾ ਹੈ ਅਤੇ ਜਾਂਚ ਕਮੇਟੀ ਬਣਾ ਦਿੱਤੀ ਹੈ ਜਿਸਦੀ ਰਿਪੋਰਟ ਆਉਣ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version