(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

   
--->

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਵਿਚ ਚਲ ਰਹੇ ਗੰਭੀਰ ਸੰਕਟ ਵਿਚ ਸਰਨਾ ਭਰਾਵਾਂ ਵੱਲੋਂ ਹਮੇਸ਼ਾ ਵਾਂਗੂ ਇਸ ਵਾਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾ ਕੇ ਪੰਥ ਦਾ ਨੁਕਸਾਨ ਕਰਨ ਦੀ ਨਿਖੇਧੀ ਕੀਤੀ ਹੈ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਕਾਰਜਕਾਰੀ ਪ੍ਰਧਾਨ ਹਰਵਿੰਦਰ ਸਿੰਘ ਕੇ.ਪੀ., ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਅਤੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਪੰਥ ਇਸ ਸਮੇਂ ਗੰਭੀਰ ਸੰਕਟ ਦਰਪੇਸ਼ ਵਿਚ ਹੈ ਕਿਉਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਤੇ ਹੁਣ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ।

ਉਹਨਾਂ ਕਿਹਾ ਕਿ ਇਸ ਫੈਸਲੇ ਦਾ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਸਮੁੱਚੇ ਪੰਥ ਦਰਦੀ ਵਿਰੋਧ ਕਰ ਰਹੇ ਹਨ ਤੇ ਸ਼੍ਰੋਮਣੀ ਕਮੇਟੀ ਦੀ ਇਸ ਫੈਸਲੇ ਦੀ ਨਿਖੇਧੀ ਕਰ ਰਹੇ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਦਿੱਲੀ ਤੋਂ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਤੇ ਉਹਨਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਹਮੇਸ਼ਾ ਵਾਂਗੂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾ ਰਹੇ ਹਨ ਤੇ ਜਥੇਦਾਰ ਸਾਹਿਬਾਨ ਨੂੰ ਹਟਾਉਣ ਦੇ ਫੈਸਲੇ ਨੂੰ ਸਹੀ ਠਹਿਰਾ ਰਹੇ ਹਨ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਨਾ ਭਰਾ ਅਜਿਹੀ ਭੂਮਿਕਾ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਵੀ ਸਰਨਾ ਭਰਾਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾ ਕੇ ਦੋ-ਦੋ ਸੰਗਰਾਂਦਾਂ ਤੇ ਦੋ-ਦੋ ਗੁਰਪੁਰਬ ਮਨਾ ਕੇ ਕੌਮ ਵਿਚ ਦੁਬਿਧਾ ਪੈਦਾ ਕੀਤੀ ਹੈ।

ਉਹਨਾਂ ਕਿਹਾ ਕਿ ਇਸ ਵਾਰ ਵੀ ਸਰਨਾ ਭਰਾ ਬਾਦਲ ਦਲ ਦੇ ਉਹਨਾਂ ਫੈਸਲਿਆਂ ਦੀ ਹਮਾਇਤ ਕਰ ਰਹੇ ਹਨ ਜਿਹਨਾਂ ਨੇ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਹਨ। ਉਹਨਾਂ ਇਹ ਵੀ ਕਿਹਾ ਕਿ ਸਰਨਾ ਭਰਾਵਾਂ ਨੇ 1984 ਦੇ ਸਿੱਖ ਕਤਲੇਆਮ ਦੇ ਕਾਤਲਾਂ ਦੀ ਹਮੇਸ਼ਾ ਪੁਸ਼ਤਪਨਾਹੀ ਕੀਤੀ ਤੇ ਉਹਨਾਂ ਨੂੰ ਸਮੇਂ-ਸਮੇਂ ’ਤੇ ਜਨਤਕ ਤੌਰ ’ਤੇ ਸਨਮਾਨਤ ਵੀ ਕੀਤਾ। ਇਸ ਕੌਮੇ ਜਸਪ੍ਰੀਤ ਸਿੰਘ ਕਰਮਸਰ ਨੇ ਇਹ ਵੀ ਖੁੱਲ੍ਹਾਸਾ ਕੀਤਾ ਕਿ ਦਿੱਲੀ ਦੇ ਇਕ ਗੁਰਦੁਆਰਾ ਸਾਹਿਬ ਅੰਦਰ ਪਿਛਲੇ ਦਿਨਾਂ ਵਿਚ ਪੰਥ ਵਿਚੋਂ ਛੇਕੇ ਹੋਏ ਦਰਸ਼ਨ ਸਿੰਘ ਰਾਗੀ ਦੇ ਕੀਰਤਨ ਤੇ ਉਹਨਾਂ ਦੇ ਜੱਥੇ ਵਿਚ ਸ਼ਾਮਲ ਦਵਿੰਦਰ ਸਿੰਘ ਵੱਲੋਂ ਅਰਦਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਲਈ ਵੀ ਜ਼ਿੰਮੇਵਾਰ ਸਨ ਕਿਉਂਕਿ ਉਹ ਹੀ ਉਹਨਾਂ ਨੂੰ ਦਿੱਲੀ ਦੇ ਪ੍ਰੋਗਰਾਮ ਵਾਸਤੇ ਲੈ ਕੇ ਆਏ ਸਨ। ਇਹਨਾਂ ਆਗੂਆਂ ਨੇ ਸਮੁੱਚੀ ਸਿੱਖ ਕੌਮ ਖਾਸ ਤੌਰ ’ਤੇ ਦਿੱਲੀ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਸਰਨਾ ਭਰਾਵਾਂ ਨੂੰ ਮੂੰਹ ਨਾ ਲਗਾਇਆ ਜਾਵੇ ਤੇ ਇਹਨਾਂ ਦੀਆਂ ਕੌਮ ਖਿਲਾਫ ਗਤੀਵਿਧੀਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version