(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਪੰਥ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਪੰਥ ਵਿਚੋਂ ਛੇਕਿਆ ਜਾਵੇ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੁਆਉਣ ਵਾਲੇ ਇਹ ਲੋਕ ਅੱਜ ਸਿੰਘ ਸਾਹਿਬ ’ਤੇ ਹੀ ਦਬਾਅ ਬਣਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸਿੰਘ ਸਾਹਿਬ ਨੇ ਵਲਟੋਹਾ ਨੂੰ ਸਹੀ ਤਲਬ ਕੀਤਾ ਹੈ ਤੇ ਹੁਣ ਵਲਟੋਹਾ ਸਿੰਘ ਸਾਹਿਬ ’ਤੇ ਪਾਰਟੀ ਵਿਸ਼ੇਸ਼ ਦੇ ਦਬਾਅ ਦੇ ਲਗਾਏ ਦੋਸ਼ ਦੇ ਸਬੂਤ ਪੇਸ਼ ਕਰਨ ਅਤੇ ਜੇਕਰ ਸਬੂਤ ਪੇਸ਼ ਨਹੀਂ ਕਰ ਸਕਦੇ ਤਾਂ ਫਿਰ ਸਿੰਘ ਸਾਹਿਬ ਵਲਟੋਹਾ ਨੂੰ ਪੰਥ ਵਿਚੋਂ ਛੇਕਣ ਦਾ ਫੈਸਲਾ ਲੈਣ।

ਉਹਨਾਂ ਕਿਹਾ ਕਿ ਵਲਟੋਹਾ ਨੇ ਸਿੰਘ ਸਾਹਿਬ ਦੇ ਫੈਸਲਿਆਂ ’ਤੇ ਸਵਾਲ ਚੁੱਕ ਕੇ ਸਮੁੱਚੀ ਕੌਮ ਦੀ ਬਦਨਾਮੀ ਕਰਵਾਈ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਫੈਸਲਾ ਸਮੁੱਚੀ ਦੁਨੀਆਂ ਵਿਚ ਬੈਠੀ ਸਿੱਖ ਕੌਮ ਲਈ ਸਨਮਾਨਯੋਗ ਹੁੰਦਾ ਹੈ ਤੇ ਹਮੇਸ਼ਾ ਸਿੱਖ ਸਿੰਘ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਉਹਨਾਂ ਕਿਹਾ ਕਿ ਵਲਟੋਹਾ ਨੇ ਜਾਣ ਬੁੱਝ ਕੇ ਸਿੰਘ ਸਾਹਿਬ ’ਤੇ ਦਬਾਅ ਬਣਾਉਣ ਦਾ ਯਤਨ ਕੀਤਾ ਹੈ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿਚ ਤੁਰੰਤ ਅਕਾਲੀ ਦਲ ਦੀ ਮਰਜ਼ੀ ਮੁਤਾਬਕ ਫੈਸਲਾ ਲੈਣ ਜਦੋਂ ਸਿੰਘ ਸਾਹਿਬ ਹਮੇਸ਼ਾ ਕੌਮ ਦੀਆਂ ਭਾਵਨਾਵਾਂ ਅਨੁਸਾਰ ਸਬੂਤਾਂ ਦੇ ਆਧਾਰ ’ਤੇ ਫੈਸਲਾ ਲੈਂਦੇ ਹਨ।

ਉਹਨਾਂ ਕਿਹਾ ਕਿ ਵਲਟੋਹਾ ਦਾ ਗੁਨਾਹ ਮੁਆਫ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version