(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਫਤਹਿ ਨਗਰ ਵਿਖ਼ੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੱਚਿਆਂ ਨੂੰ ਕੰਠ ਗੁਰਬਾਣੀ ਨਾਲ ਜੋੜਨ ਦਾ ਇਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦੇਂਦਿਆ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰੀਤਮ ਸਿੰਘ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਵਲੋਂ ਜਿੱਥੇ ਸੰਗਤਾਂ ਨੂੰ ਸਹਿਜ ਪਾਠ ਨਾਲ ਜੋੜਿਆ ਜਾ ਰਿਹਾ ਹੈ ਓਥੇ ਵੱਖ ਵੱਖ ਉਮਰ ਦੇ ਬੱਚਿਆਂ ਨੂੰ ਗੁਰਬਾਣੀ ਕੰਠ ਕਰਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਜਿਸ ਵਿਚ ਪ੍ਰੀਨਰਸਰੀ ਤੋਂ ਚੌਥੀ ਕਲਾਸ ਦੇ ਬੱਚੇਆਂ ਲਈ ਪੈਂਤੀ ਅੱਖਰੀ, ਪੰਜਵੀ ਤੋਂ ਅੱਠਵੀਂ ਕਲਾਸ ਦੇ ਬੱਚਿਆਂ ਲਈ ਜਪੁਜੀ ਸਾਹਿਬ, ਅੱਠਵੀਂ ਤੋਂ ਬਾਹਰਵੀਂ ਕਲਾਸ ਦੇ ਬੱਚਿਆਂ ਲਈ ਜਪੁਜੀ ਸਾਹਿਬ, ਰਹਿਰਾਸ ਸਾਹਿਬ, ਸੋਹਿਲਾ ਸਾਹਿਬ ਅਤੇ ਹਰ ਉਮਰ ਦੇ ਵੀਰ ਭੈਣ ਲਈ ਪੂਰਾ ਨਿਤਨੇਮ ਕੰਠ ਸੁਣਾਉਣ ਉਪਰੰਤ ਉਨ੍ਹਾਂ ਨੂੰ ਵੱਖ ਵੱਖ ਇਨਾਮ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਏਗਾ।
ਉਨ੍ਹਾਂ ਦਸਿਆ ਕਿ ਇਸੇ ਕੜੀ ਅੰਦਰ ਗੁਰਦੁਆਰਾ ਸਾਹਿਬ ਵਿਖ਼ੇ 4 ਮਈ ਦਿਨ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋ ਰਹੇ ਹਨ, ਜਿਹੜੇ ਪ੍ਰਾਣੀ ਹਾਲੇ ਤਕ ਗੁਰੂ ਵਾਲੇ ਨਹੀਂ ਬਣੇ ਹਨ ਓਹ ਅੰਮ੍ਰਿਤ ਸੰਚਾਰ ਵਿਚ ਗੁਰੂ ਵਾਲੇ ਬਣ ਸਕਦੇ ਹਨ। ਗੁਰਦੁਆਰਾ ਸਾਹਿਬ ਵਿਖ਼ੇ ਉਲੀਕੇ ਗਏ ਵਿਸ਼ੇਸ ਦੀਵਾਨ ਵਿਚ 2 ਅਤੇ 3 ਮਈ ਨੂੰ ਭਾਈ ਹਰਪਾਲ ਸਿੰਘ ਫ਼ਤਹਿਗੜ੍ਹ ਸਾਹਿਬ, ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਤੇ ਹਜੂਰੀ ਰਾਗੀ ਜੱਥੇ ਭਾਈ ਮੱਖਣ ਸਿੰਘ, ਭਾਈ ਬਰਨ ਸਿੰਘ ਅਤੇ ਹੋਰ ਰਾਗੀ ਜੱਥੇ ਸੰਗਤਾਂ ਨੂੰ ਕਥਾ ਅਤੇ ਕੀਰਤਨ ਰਾਹੀਂ ਨਿਹਾਲ ਕਰਣਗੇ।