(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਸ਼ੂਰਾਮ ਚੌਂਕ ਮਿੱਠਾਪੁਰ ਬਦਰਪੁਰ ਵਿਖੇ ਪੀ ਐਮ ਸਕਿੱਲ ਸੈਂਟਰ ਖੋਲ੍ਹਿਆ ਗਿਆ ਜਿਸਦਾ ਉਦਘਾਟਨ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ।
ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਲ ਕੇ 100 ਕਰੋੜ ਰੁਪਏ ਦੀ ਲਾਗਤ ਨਾਲ ਅਜਿਹੇ ਸਕਿੱਲ ਸੈਂਟਰ ਖੋਲ੍ਹਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਅਜਿਹੇ ਸੈਂਟਰ ਖੋਲ੍ਹੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹਨਾਂ ਸੈਂਟਰਾਂ ਵਿਚ ਜਿਥੇ ਸਿੱਖ ਨੌਜਵਾਨ ਕੁੜੀਆਂ ਅਤੇ ਮੁੰਡਿਆਂ ਨੂੰ ਹੁਨਰ ਸਿੱਖਲਾਈ ਦਿੱਤੀ ਜਾ ਰਹੀ ਹੈ, ਉਥੇ ਹੀ 2000 ਰੁਪਏ ਪ੍ਰਤੀ ਮਹੀਨਾ ਦੀ ਸਹਾਇਤਾ ਰਾਸ਼ੀ ਵੀ ਪ੍ਰਦਾਨ ਕੀਤੀ ਜਾ ਰਹੀ ਹੈ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆਕਿ ਇਹਨਾਂ ਕੇਂਦਰਾਂ 26 ਤੋਂ 27 ਤਰੀਕੇ ਦੇ ਵੱਖ-ਵੱਖ ਕੋਰਸ ਕਰਵਾਏ ਜਾ ਰਹੇ ਹਨ ਜੋ ਪੂਰਨ ਤੌਰ ’ਤੇ ਤਕਨੀਕ ’ਤੇ ਆਧਾਰਿਤ ਹਨ ਅਤੇ ਇਹਨਾਂ ਹੁਨਰ ਸਿੱਖਲਾਈ ਪ੍ਰੋਗਰਾਮਾਂ ਦਾ ਨੌਜਵਾਨਾਂ ਨੂੰ ਬਹੁਤ ਵੱਡਾ ਲਾਭ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਪ੍ਰੋਗਰਾਮਾਂ ਤਹਿਤ ਸਿੱਖਲਾਈ ਪ੍ਰਾਪਤ ਕਰਨ ਤੋਂ ਬਾਅਦ ਜਿਥੇ ਨੌਜਵਾਨ ਸਵੈਰ ਰੋਜ਼ਗਾਰ ਦੇ ਯੋਗ ਹੋਣਗੇ, ਉਥੇ ਹੀ ਵੱਖ-ਵੱਖ ਨੌਕਰੀਆਂ ਲਈ ਵੀ ਅਪਲਾਈ ਕਰ ਸਕਣਗੇ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕੋਰਸਾਂ ਵਿਚ ਭਾਗ ਲੈਣ ਵਾਲੇ ਸਮੁੱਚੇ ਲਾਭਪਾਤਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਇਹ ਲੋਕ ਪ੍ਰਧਾਨ ਮੰਤਰੀ ਸਕਿੱਲ ਸੈਂਟਰ ਤਹਿਤ ਇਥੋਂ ਸਿੱਖਲਾਈ ਲੈ ਕੇ ਦੇਸ਼ ਤੇ ਦੁਨੀਆਂ ਵਿਚ ਵਸਦੇ ਨੌਜਵਾਨਾਂ ਵਾਸਤੇ ਚਾਨਣ ਮੁਨਾਰਾ ਬਣਨਗੇ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਹਮੇਸ਼ਾ ਹੀ ਭਾਰਤ ਸਰਕਾਰ ਦੀ ਧੰਨਵਾਦੀ ਹੈ ਜਿਸਨੇ ਸਿੱਖ ਨੌਜਵਾਨਾਂ ਦੀ ਬਾਂਹ ਫੜਨ ਵਾਸਤੇ ਇਹ ਪਹਿਲਕਦਮੀ ਕੀਤੀ ਅਤੇ ਭਰੋਸਾ ਦੁਆਉਂਦੀ ਹੈ ਕਿ ਸਿੱਖ ਭਾਈਚਾਰੇ ਦੀ ਬੇਹਤਰੀ ਵਾਸਤੇ ਉਹ ਹਮੇਸ਼ਾ ਮੋਹਰੀ ਹੋ ਕੇ ਕੰਮ ਕਰੇਗੀ।