ਕਿਸਾਨੀ ਮੰਗਾ ਲਈ ਦਿੱਲੀ ਵੱਲ ਮਾਰਚ ਇਕ ਹਫਤੇ ਤਕ ਮੁਲਤਵੀ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਯੂਪੀ ਦੇ ਕਿਸਾਨਾਂ ਵਲੋਂ ਗ੍ਰੇਟਰ ਨੋਇਡਾ ਅਤੇ ਯਮੁਨਾ ਅਥਾਰਟੀ ਦੇ ਅਧਿਕਾਰੀਆਂ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਤੋਂ ਬਾਅਦ ਇੱਕ ਹਫ਼ਤੇ ਤੱਕ ਦਿੱਲੀ ਵੱਲ ਮਾਰਚ ਨਾ ਕਰਣ ਦਾ ਫ਼ੈਸਲਾ ਲਿਆ ਗਿਆ ਹੈ। ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ ‘ਤੇ ਫੈਸਲਾ ਲੈਣ ਲਈ ਇਕ ਹਫਤੇ ਦਾ ਸਮਾਂ ਦਿੱਤਾ ਹੈ। ਇਸ ਦੌਰਾਨ ਕਿਸਾਨ ਦਲਿਤ ਪ੍ਰੇਰਨਾ ਸਥਲ ‘ਤੇ ਧਰਨਾ ਦੇਣਗੇ। ਜੇਕਰ ਇੱਕ ਹਫ਼ਤੇ ਵਿੱਚ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨ ਫਿਰ ਤੋਂ ਦਿੱਲੀ ਵੱਲ ਮਾਰਚ ਕਰਨਗੇ । ਦੁਪਹਿਰ 12 ਵਜੇ ਕਿਸਾਨ ਨੋਇਡਾ ਵਿੱਚ ਮਹਾਮਾਯਾ ਫਲਾਈਓਵਰ ਦੇ ਕੋਲ ਇਕੱਠੇ ਹੋਏ। ਜਦੋਂ ਉਹ ਸੰਸਦ ਦਾ ਘਿਰਾਓ ਕਰਨ ਲਈ ਦਿੱਲੀ ਵੱਲ ਵਧੇ ਤਾਂ ਪੁਲਿਸ ਨੇ ਕਿਸਾਨਾਂ ਨੂੰ ਦਲਿਤ ਪ੍ਰੇਰਨਾ ਸਥਲ ‘ਤੇ ਰੋਕ ਲਿਆਜਿਸ ਕਰਕੇ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ।
ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਦਿੱਲੀ ਅਤੇ ਯੂਪੀ ਨੂੰ ਜੋੜਨ ਵਾਲੇ ਚਿੱਲਾ ਬਾਰਡਰ ‘ਤੇ ਕਈ ਥਾਵਾਂ ‘ਤੇ ਨਾਕੇਬੰਦੀ ਕਰ ਦਿੱਤੀ ਸੀ ਪਰ ਕਿਸਾਨਾਂ ਨੇ ਪੁਲਿਸ ਬੈਰੀਕੇਡ ਤੋੜ ਦਿੱਤੇ।
ਹਾਲਾਂਕਿ ਆਰਏਐਫ ਦੇ ਜਵਾਨ ਤਾਇਨਾਤ ਸਨ, ਡਰੋਨ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਸੀ। ਨੋਇਡਾ ਐਕਸਪ੍ਰੈਸ ਵੇਅ ਨੂੰ ਦੋਵੇਂ ਪਾਸੇ ਤੋਂ ਬੰਦ ਕਰਨ ਅਤੇ ਵਾਹਨਾਂ ਦੀ ਚੈਕਿੰਗ ਕਾਰਨ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ ਸੀ।