(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਪਹਿਲਗਾਮ ਵਿਖ਼ੇ ਕੀਤੇ ਗਏ ਕਾਇਰਤਾਪੂਰਨ ਹਮਲੇ ਰਾਹੀਂ ਵਡੀ ਗਿਣਤੀ ਅੰਦਰ ਬੇਗੁਨਾਹ ਸੈਲਾਨੀਆਂ ਨੂੰ ਮਾਰਨਾ ਅਤਿ ਦੁਖਦਾਇਕ ਹੈ ਤੇ ਅਸੀਂ ਉਨ੍ਹਾਂ ਪੀੜਿਤ ਪਰਿਵਾਰਾਂ ਦੇ ਦੁੱਖ ਵਿਚ ਉਨ੍ਹਾਂ ਨਾਲ ਖੜੇ ਹਾਂ। ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਬਲਜਿੰਦਰ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਸੁਖਦੇਵ ਸਿੰਘ ਹੇਰਾਂ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਭਾਈ ਹੀਰਾ ਸਿੰਘ ਮੱਤੇਵਾਲ, ਇੰਟਰਨੈਸਨਲ ਸਿੱਖ ਫੈਡਰੇਸ਼ਨ ਜਰਮਨੀ ਭਾਈ ਲਖਵਿੰਦਰ ਸਿੰਘ ਮੱਲ੍ਹੀ ਨੇ ਮੀਡੀਆ ਨੂੰ ਜਾਰੀ ਕੀਤੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਇਥੇ ਕੁਝ ਗੱਲਾਂ ਵਿਚਾਰਣਯੋਗ ਹਨ ਕਿ ਸਾਲ 2000 ਵਿਚ ਜਦੋ ਅਮਰੀਕਨ ਪ੍ਰੈਜੀਡੈਟ ਬਿਲ ਕਲਿੰਟਨ ਇੰਡੀਆ ਦੌਰੇ ਤੇ ਆਏ ਸਨ ਤਾਂ ਉਸ ਸਮੇ ਫ਼ੌਜ ਵੱਲੋ ਜੰਮੂ-ਕਸਮੀਰ ਦੇ ਚਿੱਠੀਸਿੰਘਪੁਰਾ ਵਿਖੇ 43 ਨਿਹੱਥੇ ਅਤੇ ਨਿਰਦੋਸ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਗੋਲੀਆ ਨਾਲ ਖਤਮ ਕਰ ਦਿੱਤਾ ਗਿਆ ਸੀ।
ਉਪਰੰਤ 2020 ਵਿਚ ਜਦੋਂ ਸ਼੍ਰੀ ਟਰੰਪ ਭਾਰਤੀ ਦੌਰੇ ਤੇ ਆਏ ਸਨ ਤਾਂ ਦਿੱਲੀ ਅੰਦਰ ਹਿੰਦੂ-ਮੁਸਲਿਮ ਦੰਗੇ ਹੋ ਗਏ। ਫਿਰ ਜਦੋ ਹੁਣ ਬੀਤੇ ਦਿਨੀਂ ਅਮਰੀਕਾ ਦੇ ਵਾਈਸ ਪ੍ਰੈਜੀਡੈਟ ਸ੍ਰੀ ਜੇ.ਡੀ ਬੈਨਸ ਆਏ ਹਨ, ਤਾਂ ਜੰਮੂ ਕਸਮੀਰ ਦੇ ਪਹਿਲਗਾਮ ਵਿਖੇ ਇਹ ਦੁਖਾਂਤ ਵਾਪਰਿਆ। ਕੋਈ ਵੱਡੀ ਅਮਰੀਕਨ ਸਖਸੀਅਤ ਦੇ ਭਾਰਤ ਵਿਚ ਆਉਣ ਤੇ ਹੀ ਅਜਿਹੇ ਦੁਖਾਂਤ ਕਿਉਂ ਵਾਪਰਦੇ ਹਨ ? ਇਸਦਾ ਬਹੁਤ ਗੰਭੀਰਤਾ ਨਾਲ ਵਿਚਾਰ ਕਰਣਾ ਚਾਹੀਦਾ ਹੈ ਤੇ ਇਸ ਨਾਲ ਇਹ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ਦੁਖਾਂਤ ਵਾਪਰਣ ਤੇ ਹਕੂਮਤੀ ਸਾਜਿਸਾਂ ਦਾ ਸ਼ਾਮਿਲ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ।
ਇਸ ਦੁਖਾਂਤ ਮੌਕੇ ਇਕ ਵਾਰ ਫਿਰ ਸਿੱਖਾਂ ਨੇ ਅੱਗੇ ਹੋ ਕੇ ਮਾਨਵਤਾ ਦੀ ਸੇਵਾ ਲਈ ਗੁਰਦੁਆਰਿਆ ਦੇ ਦਰਵਾਜੇ ਖੋਲ ਕੇ ਆਪਣਾ ਫਰਜ਼ ਨਿਭਾਇਆ ਹੈ ਤੇ ਉਨ੍ਹਾਂ ਦੀ ਜਿਤਨੀ ਸ਼ਲਾਘਾ ਕੀਤੀ ਜਾਏ ਓਹ ਘੱਟ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾ ਹਾਲਾਤਾਂ ਵਿਚ ਪੰਜਾਬ ਦੋਨੋ ਪਾਸੋ ਘਿਰ ਰਿਹਾ ਹੈ ਜਿਸ ਕਰਕੇ ਸਿੱਖਾਂ ਦੇ ਆਪਣੇ ਮੁੱਲਕ “ਖਾਲਿਸਤਾਨ” ਦੀ ਲੋੜ ਹੋਰ ਜਿਆਦਾ ਵੱਧ ਗਈ ਹੈ। ਸਾਡੀ ਸਮੂਹ ਸਿੱਖ ਜੱਥੇਬੰਦੀਆਂ ਨੂੰ ਅਪੀਲ ਹੈ ਕਿ ਇਕ ਨਿਸ਼ਾਨ ਸਾਹਿਬ ਹੇਠ ਇਕੱਤਰ ਹੋ ਕੇ ਖਾਲਿਸਤਾਨ ਦੀ ਸਥਾਪਨਾ ਲਈ ਹੰਭਲਾ ਮਾਰਿਆ ਜਾਏ ਜਿਸ ਨਾਲ ਭਾਰਤ ਅਤੇ ਪਾਕਿਸਤਾਨ ਵਿਚ ਸ਼ਾਂਤੀ ਬਣੀ ਰਹਿ ਸਕੇ।