ਦਲ ਪੰਥ, ਸੰਸਥਾਵਾਂ, ਪੰਥਕ ਜਥੇਬੰਦੀਆਂ, ਪੰਥਕ ਸਖਸ਼ੀਅਤਾਂ ਰੋਸ ਵਜੋਂ ਦਸਤਾਰ- ਬੰਦੀ ਸਮਾਗਮ ਚ ਸ਼ਮੂਲੀਅਤ ਨਾ ਕਰਨ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਜਰਮਨੀ ਦੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਅਮਰਜੀਤ ਸਿੰਘ ਮੰਗੂਪੁਰ, ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ, ਭਾਈ ਲਖਵਿੰਦਰ ਸਿੰਘ ਮੱਲ੍ਹੀ, ਭਾਈ ਹੀਰਾ ਸਿੰਘ ਮੱਤੇਵਾਲ ਨੇ ਸਾਂਝੇ ਬਿਆਨ ‘ਚ ਕਿਹਾ ਕਿ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੈ ਕੇ ਆਪਣੇ ਰਾਜ ਭਾਗ ਸਮੇਂ ਸਿੱਖ ਪੰਥ ਵਿਰੋਧੀ ਕੀਤੇ ਬੱਜਰ ਗੁਨਾਹਾਂ ਨੂੰ ਮੰਨਿਆ। ਸਿੰਘ ਸਾਹਿਬਾਨਾਂ ਵੱਲੋਂ ਲਗਾਈ ਗਈ ਧਾਰਮਿਕ ਸੇਵਾ ਤਾਂ ਕਰ ਲਈ ਬਾਅਦ ਇਹ ਲਾਣਾ ਬਾਕੀ ਹੁਕਮਨਾਮੇ ਤੋਂ ਬਾਗ਼ੀ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪ੍ਰੰਪਰਾਵਾਂ ਦਾ ਮਜ਼ਾਕ ਉਡਾਉਂਦਾ ਆ ਰਿਹਾ ਹੈ।
ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਹਰ ਸਿਧਾਂਤ ਨੂੰ ਛਿੱਕੇ ਟੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਦਲ ਟੱਬਰ ਦੀ ਸਿਆਸਤ ਬਚਾਉਣ ਲਈ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਪ੍ਰਤੀ ਨਾਦਰਸ਼ਾਹੀ ਫੁਰਮਾਨ ਜਾਰੀ ਕਰ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਗੈਰ-ਸਿਧਾਂਤਿਕ ਕਾਰਵਾਈਆਂ ਹਨ। ਪਿਛਲੇ ਦਿਨਾਂ ‘ਚ ਜਥੇਦਾਰਾਂ ਨੂੰ ਹਟਾਉਣ ਤੇ ਲਾਉਣ ਦੀਆਂ ਮਨਮਰਜ਼ੀਆਂ ਕੀਤੀਆਂ ਗਈਆਂ ਹਨ। ਇਸ ਬਾਰੇ ਸਮੁੱਚੇ ਪੰਥ ਚ ਰੋਹ ਤਾਂ ਹੈ ਹੀ ਉਸ ਦੇ ਨਾਲ ਨਾਲ ਅਕਾਲੀ ਦਲ ਦੇ ਅੰਦਰ ਵੀ ਇਸ ਗੈਰ- ਸਿਧਾਂਤਿਕ ਫ਼ੈਸਲਿਆਂ ਦਾ ਸਖ਼ਤ ਵਿਰੋਧ ਹੋਣਾ ਅਤੇ ਅਸਤੀਫ਼ਿਆਂ ਦੀ ਵਧਦੀ ਗਿਣਤੀ ਕੀਤੇ ਗਏ ਫੈਸਲਿਆਂ ਤੋ ਅਤਿ ਨਿਰਾਸ਼ ਦਿੱਖ ਰਹੀ ਹੈ।
ਸਿੱਖਾਂ ਤੇ ਹੋਏ ਪਹਿਲੇ ਹਮਲਿਆਂ ਨੇ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਦੀਆਂ ਇਮਾਰਤਾਂ, ਸਰੋਵਰਾਂ ਅਤੇ ਸਿੱਖਾਂ ਨੂੰ ਖ਼ਤਮ ਕਰਨ ਦਾ ਨਿਸ਼ਾਨਾ ਬਣਾਇਆ ਜਿਸ ਦਾ ਸਿੱਖਾਂ ਡਟ ਕੇ ਮੁਕਾਬਲਾ ਕੀਤਾ। ਮੁੜ ਦੁਸ਼ਮਣ ਨੂੰ ਵੰਗਾਰਦੇ ਰਹੇ ਤੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਕੇ ਦੁਸ਼ਮਣ ਨੂੰ ਪਛਾੜਦੇ ਰਹੇ। ਸਰਬ ਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸੰਸਾਰ ਭਰ ਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਲਈ ਮੀਰੀ-ਪੀਰੀ ਦੇ ਸਿਧਾਂਤ ਦੀ ਸੇਧ ਦਿੰਦਾ ਹੈ।
ਬਾਦਲ ਦਲੀਏ ਆਪਣੀ ਜਕੜ ਸਦਕਾ ਮਨ ਮਰਜ਼ੀ ਦੇ ਫ਼ੈਸਲੇ ਅਤੇ ਨਿਯੁਕਤੀਆਂ ਕਰ ਰਿਹਾ ਹੈ ਸਿੱਖਾਂ ਦੇ ਹਿਰਦਿਆ ਨੂੰ ਵਲੂੰਧਰਿਆ ਹੀ ਨਹੀਂ ਸਗੋਂ ਸਿੱਖੀ ਸਿਧਾਂਤ ਦੀਆਂ ਜੜ੍ਹਾਂ ਵੱਡਣ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ, ਇਹ ਬਰਦਾਸ਼ਤ ਯੋਗ ਨਹੀਂ ਹੈ। ਸਮੂਹ ਆਗੂਆਂ ਵੱਲੋਂ ਬੇਨਤੀ ਕੀਤੀ ਗਈ ਕਿ ਸਮੂੱਹ ਸੰਪਰਦਾਵਾਂ, ਗੁਰੂ ਘਰ, ਪੰਥਕ ਜਥੇਬੰਦੀਆਂ, ਸਭਾ , ਸੁਸਾਇਟੀਆਂ ਅਤੇ ਪੰਥਕ ਸ਼ਖਸ਼ੀਅਤਾਂ ਬਾਦਲ ਜੁੰਡਲੀ ਵੱਲੋਂ ਗੈਰ ਸਿਧਾਂਤਕ ਥਾਪੇ ਜਥੇਦਾਰਾਂ ਦੇ ਹੋਣ ਵਾਲੇ ਦਸਤਾਰ-ਬੰਦੀ ਸਮਾਗਮ ਚ ਸ਼ਮੂਲੀਅਤ ਨਾ ਕਰਨ।