(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਭਾਰਤੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਬੀਤੀ ਰਾਤ ਲੰਡਨ ਵਿੱਚ ਸਿੱਖਾਂ ਦੇ ਵੱਡੇ ਮੁਜਾਹਿਰੇ ਦਾ ਸਾਹਮਣਾ ਕਰਨਾ ਪਿਆ ਅਤੇ ਇੱਕ ਖਾਲਿਸਤਾਨੀ ਪੱਖੀ ਪ੍ਰਦਰਸ਼ਨਕਾਰੀ ਉਨ੍ਹਾਂ ਦੀ ਕਾਰ ਵੱਲ ਭੱਜਿਆ ਅਤੇ ਭਾਰਤੀ ਰਾਸ਼ਟਰੀ ਝੰਡਾ ਪਾੜ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜੈਸ਼ੰਕਰ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਚੈਥਮ ਹਾਊਸ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚੋਂ ਬਾਹਰ ਆ ਰਹੇ ਸਨ। ਜਿਕਰਯੋਗ ਹੈ ਕਿ ਸਿੱਖਾਂ ਵਲੋਂ ਜੈਸ਼ੰਕਰ ਦਾ ਵਿਰੋਧ ਕਰਦਿਆਂ ਮੰਗ ਕੀਤੀ ਜਾ ਰਹੀ ਸੀ ਕਿ ਭਾਰਤ ਵਲੋਂ ਵਿਦੇਸ਼ਾਂ ਅੰਦਰ ਦਖਲਅੰਦਾਜ਼ੀ ਬੰਦ ਕਰਦਿਆਂ ਆਜ਼ਾਦੀਪਸੰਦ ਸਿੱਖਾਂ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ਾ ਉਪਰ ਤੁਰੰਤ ਰੋਕ ਲਗਾਈ ਜਾਏ ਅਤੇ ਪੰਜਾਬ ਅੰਦਰ ਜਨਮਤ ਸੰਗ੍ਰਿਹ ਕਰਵਾਇਆ ਜਾਏ।
ਵਾਇਰਲ ਹੋ ਰਹੀਆਂ ਘਟਨਾ ਦੀਆਂ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀ ਝੰਡਾ ਪਾੜਦੇ ਹੋਏ ” ਖਾਲਿਸਤਾਨ ਜ਼ਿੰਦਾਬਾਦ ” ਦੇ ਨਾਅਰੇ ਲਗਾ ਰਹੇ ਸਨ। ਇਹ ਵਿਰੋਧ ਪ੍ਰਦਰਸ਼ਨ ਚੈਥਮ ਹਾਊਸ ਸਥਾਨ ਦੇ ਬਾਹਰ ਖਾਲਿਸਤਾਨੀ ਸਮਰਥਕਾਂ ਦੁਆਰਾ ਕੀਤੇ ਗਏ ਇੱਕ ਵੱਡੇ ਪ੍ਰਦਰਸ਼ਨ ਦਾ ਹਿੱਸਾ ਸੀ। ਜੈਸ਼ੰਕਰ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ 4 ਤੋ 9 ਮਾਰਚ ਤੱਕ ਯੂਕੇ ਅਤੇ ਆਇਰਲੈਂਡ ਦੇ ਅਧਿਕਾਰਤ ਦੌਰੇ ‘ਤੇ ਹਨ। ਉਹ ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਵਿਦੇਸ਼ ਸਕੱਤਰ ਡੇਵਿਡ ਲੈਮੀ ਅਤੇ ਗ੍ਰਹਿ ਸਕੱਤਰ ਯਵੇਟ ਕੂਪਰ ਨਾਲ ਮੁਲਾਕਾਤ ਕਰ ਚੁੱਕੇ ਹਨ। ਯੂਕੇ ਤੋਂ ਬਾਅਦ, ਜੈਸ਼ੰਕਰ ਆਇਰਲੈਂਡ ਦਾ ਦੌਰਾ ਕਰਨਗੇ ਜਿੱਥੇ ਉਹ ਆਇਰਲੈਂਡ ਦੇ ਵਿਦੇਸ਼ ਮੰਤਰੀ ਸਾਈਮਨ ਹੈਰਿਸ ਨੂੰ ਮਿਲਣਗੇ ਅਤੇ ਅਧਿਕਾਰੀਆਂ ਅਤੇ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕਰਨਗੇ।