(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੱਧ ਪ੍ਰਦੇਸ਼ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਵਿਖੇ ਸਿੱਖ ਮਿਸ਼ਨ ਸਥਾਪਿਤ ਕਰਨ ਦੇ ਨਾਲ-ਨਾਲ ਸਿੱਖ ਸੰਗਤਾਂ ਦੀ ਸਹੂਲਤ ਲਈ ਗੁਰੂ ਨਾਨਕ ਨਿਵਾਸ ਦੀ ਨਵੀਂ ਬਣਾਈ ਗਈ ਇਮਾਰਤ ਦਾ ਉਦਘਾਟਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ ਸੇਵਾ ਕਾਰਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਰਾਹੀਂ ਕਰਵਾਈ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੁੱਜੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਵੱਲੋਂ ਨਿਵਾਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਓਐਸਡੀ ਸ. ਸਤਬੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਬਾਬਾ ਸੁਖਵਿੰਦਰ ਸਿੰਘ ਕਾਰਸੇਵਾ ਭੂਰੀ ਵਾਲੇ, ਸ. ਹਰਪਾਲ ਸਿੰਘ ਭਾਟੀਆ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।
ਇਸ ਮੌਕੇ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਜੈਨ ਵਿਖੇ ਪਹਿਲੇ ਪਾਤਸ਼ਾਹ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਦੀ ਸੇਵਾ-ਸੰਭਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਰਾਹੀਂ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਅਸਥਾਨ ’ਤੇ ਲੋੜ ਅਨੁਸਾਰ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਉਜੈਨ ਵਿਖੇ ਸਥਾਪਿਤ ਕੀਤੇ ਸਿੱਖ ਮਿਸ਼ਨ ਨੂੰ ਕਾਰਜਸੀਲ ਕੀਤਾ ਗਿਆ ਹੈ, ਜਿਥੇ ਪ੍ਰਚਾਰਕ, ਰਾਗੀ ਤੇ ਢਾਡੀ ਜਥੇ ਤਾਇਨਾਤ ਕਰ ਦਿੱਤੇ ਗਏ ਹਨ। ਇਹ ਜਥੇ ਮੱਧ ਪ੍ਰਦੇਸ਼ ਦੇ ਨਾਲ-ਨਾਲ ਗੁਜਰਾਤ, ਮਹਾਂਰਾਸ਼ਟਰ, ਰਾਜਿਸਥਾਨ ਅਤੇ ਛੱਤੀਸਗੜ੍ਹ ਦੀਆਂ ਸਰਹੱਦਾਂ ਨੇੜਲੇ ਇਲਾਕਿਆਂ ਵਿਚ ਸਿੱਖੀ ਪ੍ਰਚਾਰ ਲਈ ਕਾਰਜ ਕਰਨਗੇ।
ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਵੀ ਕਰਵਾਏ ਗਏ, ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੈਨੇਜਰ ਸ. ਜਗਤਾਰ ਸਿੰਘ ਸ਼ਹੂਰਾ, ਸਿੱਖ ਮਿਸ਼ਨ ਮੱਧ ਪ੍ਰਦੇਸ਼ ਦੇ ਇੰਚਾਰਜ ਭਾਈ ਬਲਦੇਵ ਸਿੰਘ ਓਗਰਾ ਸਮੇਤ ਸੰਗਤਾਂ ਹਾਜਰ ਸਨ।