ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਅਤੇ ਕਾਰਜਖੇਤਰ ਸਬੰਧੀ ਸੰਪੂਰਨ ਵਿਧੀ-ਵਿਧਾਨ ਦੀ ਸਖ਼ਤ ਲੋੜ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਅਤੇ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਸ੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਬਿਨਾਂ ਕਿਸੇ ਨੋਟਸ ਦੇ ਅਹੁਦਿਆਂ ਤੋਂ ਹਟਾਉਣ ਵਿਰੁੱਧ ਸਿੱਖ ਪੰਥ ਅਤੇ ਮਹਾਂਰਾਸਟਰ ਸਿੱਖ ਸਮਾਜ ਵਿੱਚ ਰੋਸ ਵੱਧਦਾ ਜਾ ਰਿਹਾ ਹੈ।
ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਮਹਾਰਾਸਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਦੇ ਚੇਅਰਮੈਨ ਬੱਲ ਮਲਕੀਤ ਸਿੰਘ ਨੇ ਕਿਹਾ ਕਿ ਸਿੰਘ ਸਾਹਿਬਾਨ ਮੁਲਾਜਮ ਨਹੀਂ ਪੰਥ ਪ੍ਰਵਾਨ ਸਖਸੀਅਤਾਂ ਹਨ ਇਹਨਾਂ ਦਾ ਨਿਰਾਦਰ ਨਾ ਸਹਿਣ ਯੋਗ ਹੈ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜ ਤਖਤ ਸਾਹਿਬਾਨ ਅਤੇ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਸਬੰਧੀ ਜੋ ਵਿਵਾਦ ਭਖਿਆ ਹੈ ਉਸਨੂੰ ਸੁਲਝਾਉਣ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ ਬਣਦਾ ਹੈ ਕਿ ਪੰਥਕ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸਭਾ ਸੋਸਾਇਟੀਆਂ ਆਦਿ ਸਭਨਾਂ ਨਾਲ ਮਿਲ ਬੈਠ ਕੇ ਜਲਦ ਤੋਂ ਜਲਦ ਸਦੀਵੀ ਹੱਲ ਕੱਢਿਆ ਜਾਣਾ ਚਾਹੀਦਾ ਹੈ।
ਉਹਨਾਂ ਕਿਹਾ ਕੋਈ ਧਿਰ ਆਪਣੀ ਹਿੰਡ ਪੁਗਾਉਣ ਲਈ ਜਾਂ ਕੋਈ ਇਕ ਧਿਰ ਦੂਜੀ ਧਿਰ ਨੂੰ ਨੀਵਾਂ ਦਿਖਾਉਣ ਲਈ ਮੀਡੀਏ ਜਾਂ ਸੰਚਾਰ ਸਾਧਨਾ ਵਿੱਚ ਬਿਆਨਬਾਜੀ ਕਰਨ ਤੋਂ ਗੁਰੇਜ ਰੱਖੇ, ਕਿਉਕਿ ਅਜਿਹੇ ਪੱਖਾਂ ਨਾਲ ਕੌਮ ਅੰਦਰ ਨਮੋਸੀ ਹੁੰਦੀ ਹੈ ਅਤੇ ਰੋਸ ਪੈਦਾ ਹੁੰਦਾ ਹੈ। ਉਹਨਾਂ ਸਪੱਸਟ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸਮੁੱਚੇ ਪੰਜ ਤਖਤ ਸਾਹਿਬਾਨ ਸਿੱਖ ਕੌਮ ਦੀ ਜਿੰਦ-ਜਾਨ ਹਨ, ਉਹਨਾਂ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ, ਇਸ ਲਈ ਓਸ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਣ ਲਈ ਕੌਮ ਨੂੰ ਇਕਜੁੱਟ ਰੱਖਣਾ ਵੀ ਬਹੁਤ ਜਰੂਰੀ ਹੈ। ਇਸ ਲਈ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਅਤੇ ਕਾਰਜਖੇਤਰ ਆਦਿ ਸਭ ਪੱਖਾਂ ਸਬੰਧੀ ਸੰਪੂਰਨ ਵਿਧੀ-ਵਿਧਾਨ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਕੁੱਝ ਵਿਅਕਤੀਆਂ ਦੀ ਹਓਮੇ ਹੰਕਾਰ ਤੇ ਖੁਦਗਰਜੀਆਂ ਕਾਰਨ ਪੰਥਕ ਸਿਧਾਤਾਂ ਨੂੰ ਰੋਲਣ ਦੀ ਕੋਸਿਸ ਕੀਤੀ ਜਾ ਰਹੀ ਹੈ। ਪੰਥਕ ਮਰਿਆਦਾ ਦਾ ਘਾਣ ਕੀਤਾ ਜਾ ਰਿਹਾ ਹੈ। ਪੰਥਕ ਪ੍ਰਥਾਵਾਂ ਦਾ ਅਪਮਾਨ, ਤਖਤਾਂ ਦੀਆਂ ਵੱਡੀਆਂ ਪਦਵੀਆਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ ਜਿਸਨੂੰ ਸਿੱਖ ਸਮਾਜ ਕਿਸੇ ਕੀਮਤ ਤੇ ਬਰਦਾਸਤ ਨਹੀਂ ਕਰੇਗਾ। ਬੀਤੇ ਦਿਨੀਂ ਅਨੰਦਪੁਰ ਸਾਹਿਬ ਵਿਖ਼ੇ ਕੀਤੀ ਗਈ ਇਕ ਭਰਵੀਂ ਕਾਨਫਰੰਸ ਵਿਚ ਬਾਬਾ ਹਰਨਾਮ ਸਿੰਘ ਖਾਲਸਾ ਜੀ ਵਲੋ ਲਏ ਫੈਸਲੇ ਨਾਲ ਮਹਾਰਾਸਟਰ ਸਿੱਖ ਸਮਾਜ ਵਲੋ ਪੂਰੀ ਤਰ੍ਹਾਂ ਸਹਿਮਤੀ ਜਤਾਈ ਗਈ ਹੈ ਅਤੇ ਮਹਾਰਾਸਟਰ ਸਿੱਖ ਸਮਾਜ ਬਾਬਾ ਹਰਨਾਮ ਸਿੰਘ ਖਾਲਸਾ ਜੀ ਨਾਲ ਤਿਆਰ ਬਰ ਤਿਆਰ ਖੜ੍ਹਾ ਹੈ।