ਮਹਾਰਾਸ਼ਟਰ ਸਰਕਾਰ ਵੱਲੋਂ ਸਿੱਖ ਸਮਾਜ ਲਈ ਐਮਨੇਸਟੀ ਸਕੀਮ ਦਾ ਵਿਸਥਾਰ ਅਤੇ ਗੁਰੂ ਨਾਨਕ ਧਰਮਸ਼ਾਲਾਵਾਂ ਲਈ ਆਰਥਿਕ ਮਦਦ ਦਾ ਵਾਅਦਾ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)






































ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਪ੍ਰਧਾਨ ਸੰਤ ਸਮਾਜ, ਮੁਖੀ ਦਮਦਮੀ ਟਕਸਾਲ ਦੀ ਅਗਵਾਈ ਹੇਠ ਪੇਸ਼ ਕੀਤੇ ਗਏ ਮੰਗ ਪੱਤਰ ਦੇ ਅਧਾਰ ’ਤੇ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਮੌਕੇ ‘ਤੇ ਮਹਾਰਾਸ਼ਟਰ ਸਰਕਾਰ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਦੇਵੇਂਦਰ ਫਡਣਵੀਸ ਵੱਲੋਂ ਸਿੱਖ ਭਾਈਚਾਰੇ ਲਈ ਇਤਿਹਾਸਕ ਐਲਾਨ ਕੀਤੇ ਗਏ, ਜੋ ਮਹਾਰਾਸ਼ਟਰ ਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਉਮੀਦਾਂ ਭਰਪੂਰ ਹਨ। ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਵਲੋਂ ਪੇਸ਼ ਕੀਤੀਆਂ ਮੁੱਖ ਮੰਗਾਂ ਅਤੇ ਮਸਲੇਆਂ ਅੰਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਗੁਰਤਾ ਗੱਦੀ ਸ਼ਤਾਬਦੀ ਨੂੰ ਰਾਜ ਪੱਧਰ ’ਤੇ ਮਨਾਇਆ ਜਾਵੇ ਅਤੇ ਉਪਰੋਕਤ ਸ਼ਤਾਬਦੀਆਂ ਲਈ ਰਾਜ ਪੱਧਰੀ ਸਮਾਗਮ ਕਮੇਟੀ ਦਾ ਗਠਨ ਕੀਤਾ ਜਾਏ । ਸਿੰਧੀ ਸਮਾਜ ਲਈ ਘੋਸ਼ਿਤ ਐਮਨੇਸਟੀ ਸਕੀਮ ਨੂੰ ਸਿੱਖ, ਹਿੰਦੂ ਪੰਜਾਬੀ, ਸਿਕਲੀਘਰ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ’ਤੇ ਵੀ ਲਾਗੂ ਕਰਣ ਦੇ ਨਾਲ ਮਦਰਸਿਆਂ ਨੂੰ ਮਿਲਣ ਵਾਲੀ 10 ਲੱਖ ਰੁਪਏ ਦੀ ਸਾਲਾਨਾ ਮਦਦ ਦੀ ਤਰਜ਼ ’ਤੇ ਗੁਰੂ ਨਾਨਕ ਧਰਮਸ਼ਾਲਾਵਾਂ ਨੂੰ ਵੀ ਆਰਥਿਕ ਸਹਿਯੋਗ ਦਿੱਤਾ ਜਾਵੇ।
ਇਸ ਤੋਂ ਅਲਾਵਾ ਕੁਝ ਹੋਰ ਮਸਲਿਆਂ ਉਤੇ ਵੀ ਧਿਆਨ ਦਿੱਤਾ ਗਿਆ, ਜਿਵੇਂ ਕਿ ਹਜੂਰ ਸਾਹਿਬ ਨਾਂਦੇੜ ਲਈ ਰੇਲ ਕਨੈਕਟੀਵਿਟੀ, ਵਾਸੀ ਵਿਖੇ ਪੰਜਾਬ ਭਵਨ ਲਈ ਜ਼ਮੀਨ, ਸਿੱਖ ਵਿਧਾਇਕੀ ਨੁਮਾਇੰਦਗੀ, ਸਿੱਖਾਂ ਲਈ ਸਿੱਖਿਆ ਤੇ ਸਿਹਤ ਸੰਸਥਾਵਾਂ ਬਾਰੇ ਕਿਹਾ ਗਿਆ ਸੀ । ਇਸ ਦੇ ਜੁਆਬ ਵਿਚ ਮੁੱਖ ਮੰਤਰੀ ਵੱਲੋਂ ਕੀਤੇ ਗਏ ਇਤਿਹਾਸਕ ਐਲਾਨ ਕਿ ਰਾਜ ਪੱਧਰੀ ਸ਼ਤਾਬਦੀ ਸਮਾਗਮ ਕਮੇਟੀ ਦਾ ਗਠਨ ਦੇ ਨਾਲ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਨੂੰ ਰਾਜ ਪੱਧਰ ‘ਤੇ ਮਨਾਉਣ ਲਈ ਸਰਕਾਰ ਕਮੇਟੀ ਬਣਾਏਗੀ ਅਤੇ ਸਮਾਗਮ ਆਯੋਜਿਤ ਕਰੇਗੀ । ਨਾਂਦੇੜ ਵਿਖ਼ੇ 15–16 ਨਵੰਬਰ, ਨਾਗਪੁਰ ਵਿਖ਼ੇ 6 ਦਸੰਬਰ ਅਤੇ ਮੁੰਬਈ ਵਿਚ 21–22 ਦਸੰਬਰ 2025 ਨੂੰ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ । ਐਮਨੇਸਟੀ ਸਕੀਮ ਦਾ ਵਿਸਥਾਰ ਕਰਦੇ ਹੋਏ ਸਿੰਧੀ ਸਮਾਜ ਲਈ ਐਲਾਨ ਕੀਤੀ ਗਈ ਐਮਨੇਸਟੀ ਸਕੀਮ ਹੁਣ ਸਿੱਖ, ਹਿੰਦੂ ਪੰਜਾਬੀ, ਸਿਕਲੀਘਰ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਉੱਤੇ ਵੀ ਲਾਗੂ ਹੋਵੇਗੀ। ਗੁਰੂ ਨਾਨਕ ਧਰਮਸ਼ਾਲਾਵਾਂ ਲਈ ਮਦਦ ਅਤੇ ਮਦਰਸਿਆਂ ਨੂੰ ਦਿੱਤੀ ਜਾਂਦੀ 10 ਲੱਖ ਰੁਪਏ ਸਾਲਾਨਾ ਮਦਦ ਦੀ ਤਰਜ਼ ‘ਤੇ ਗੁਰੂ ਨਾਨਕ ਧਰਮਸ਼ਾਲਾਵਾਂ ਲਈ ਵੀ ਸਰਕਾਰ ਆਰਥਿਕ ਮਦਦ ਦੇਣ ‘ਤੇ ਵਿਚਾਰ ਕਰੇਗੀ। ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਮੰਗਾ ਉਤੇ ਵਿਚਾਰ ਕਰਣ ਅਤੇ ਮੰਨਣ ਲਈ ਮੁੱਖ ਮੰਤਰੀ ਸ੍ਰੀ ਦੇਵੇਂਦਰ ਫਡਣਵੀਸ ਜੀ ਦਾ ਧੰਨਵਾਦ ਕਰਦਿਆਂ ਸਵਾਗਤ ਕਰਦੇ ਹਾਂ।
ਉਹਨਾਂ ਵੱਲੋਂ ਕੀਤੇ ਐਲਾਨ ਸਿੱਖ ਭਾਈਚਾਰੇ ਲਈ ਇਤਿਹਾਸਕ ਹਨ। ਇਹ ਉਪਰਾਲੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਪਛਾਣ, ਅਸਮਿਤਾ ਅਤੇ ਭਵਿੱਖ ਨੂੰ ਮਜਬੂਤ ਕਰਨਗੇ । ਬਲ ਮਲਕੀਤ ਸਿੰਘ (ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ) ਨੇ ਕਿਹਾ ਮੁੱਖ ਮੰਤਰੀ ਜੀ ਨੇ ਸਾਡੇ ਮੁੱਦਿਆਂ ਨੂੰ ਜਿਸ ਤੁਰੰਤਤਾ ਅਤੇ ਸਵੇਦਨ ਸ਼ੀਲਤਾ ਨਾਲ ਸਵੀਕਾਰ ਕੀਤਾ, ਉਹ ਉਹਨਾਂ ਦੀ ਸਾਰਥਕ ਅਤੇ ਸਭਿਆਚਾਰਕ ਸੋਚ ਨੂੰ ਦਰਸਾਉਂਦਾ ਹੈ। ਅਸੀਂ ਉਨ੍ਹਾਂ ਦੇ ਇਨ੍ਹਾਂ ਫੈਸਲਿਆਂ ਦਾ ਤਹਿ ਦਿਲੋਂ ਸੁਆਗਤ ਕਰਦੇ ਹਾਂ।
ਮੁੱਖਮੰਤਰੀ ਨੂੰ ਮੰਗ ਪੱਤਰ ਪੇਸ਼ ਕਰਨ ਵਾਲੇ ਸਿੱਖ ਨੇਤਾਵਾਂ ਵਿਚ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪ੍ਰਧਾਨ, ਸੰਤ ਸਮਾਜ, ਮੁਖੀ ਦਮਦਮੀ ਟਕਸਾਲ, ਬਲ ਮਲਕੀਤ ਸਿੰਘ ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ, ਜਸਪਾਲ ਸਿੰਘ ਸਿੱਧੂ ਮੁੱਖੀ, ਨਵੀ ਮੁੰਬਈ ਗੁਰਦੁਆਰਾ ਸੁਪਰੀਮ ਕੌਂਸਲ, ਚਰਨਦੀਪ ਸਿੰਘ (ਹੈਪੀ) ਮੈਂਬਰ, ਘਟਗਿਣਤੀ ਆਯੋਗ, ਰਮੇਸ਼ਵਰ ਨਾਇਕ ਸੰਯੋਜਕ, ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਸਰਬਜੀਤ ਸਿੰਘ ਸੰਧੂ ਸਿੱਖ ਭਾਈਚਾਰੇ ਦੇ ਸੀਨੀਅਰ ਲੀਡਰ ਸ਼ਾਮਲ ਸਨ। ਇਸ ਮੌਕੇ ‘ਤੇ ਮਾਣਯੋਗ ਮੰਤਰੀ ਸ਼੍ਰੀ ਗਣੇਸ਼ ਨਾਇਕ, ਵਿਧਾਇਕ ਪ੍ਰਸ਼ਾਂਤ ਠਾਕੁਰ, ਵੰਦਨਾ ਤਾਈ ਮਹਾਤਰੇ, ਨਵੀ ਮੁੰਬਈ ਦੇ ਮੇਅਰ, ਸੰਜੀਵ ਨਾਇਕ ਅਤੇ ਮੁੰਬਈ ਤੇ ਨਵੀ ਮੁੰਬਈ ਗੁਰਦੁਆਰਾ ਕਮੇਟੀਆਂ ਦੇ ਅਧਿਕਾਰੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।