ਜੱਥੇਦਾਰ ਅਕਾਲ ਤਖਤ ਸਾਹਿਬ ਅਤੇ ਹਰਚਰਨ ਸਿੰਘ ਧਾਮੀ ਸਤੰਬਰ ਵਿਚ ਯੂਰੋਪੀਅਨ ਪਾਰਲੀਮੈਂਟ ਅੰਦਰ ਕਰਣਗੇ ਸ਼ਿਰਕਤ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਯੂਰੋਪ ਅੰਦਰ ਸਿੱਖਾਂ ਨੂੰ ਧਾਰਮਿਕ ਮੁਦਿਆਂ ਤੇ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਯੂਰੋਪੀਅਨ ਪਾਰਲੀਮੈਂਟ ਮੈਂਬਰ ਮੈਕਸੇਟ ਪਿਰਬਕਸ ਵਲੋਂ ਫਰਾਂਸ ਦੇ ਸਾਬਕਾ ਪ੍ਰੈਸੀਡੈਂਟ ਏਮੈਨੂਅਲ ਮੇਕਰੋਨ ਨਾਲ ਮੁਲਾਕਾਤ ਕੀਤੀ ਗਈ ਹੈ । ਜਿਕਰਯੋਗ ਹੈ ਕਿ ਯੂਰੋਪ ਦੇ ਕਈ ਰਾਜਾਂ ਅੰਦਰ ਸਿੱਖਾਂ ਨੂੰ ਪੱਗ ਪਹਿਨ੍ਹਣ, ਕ੍ਰਿਪਾਣ ਰੱਖਣ ਅਤੇ ਹੋਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ । ਇਨ੍ਹਾਂ ਮੁਦਿਆਂ ਦੇ ਹੱਲ ਲਈ ਯੂਰੋਪੀਅਨ ਸਿੱਖ ਓਰਗੇਨਾਈਜੇਸ਼ਨ ਵਲੋਂ ਬੀਤੀ 17 ਅਪ੍ਰੈਲ ਨੂੰ ਯੂਰੋਪੀਅਨ ਪਾਰਲੀਮੈਂਟ ਅੰਦਰ ਪਾਰਲੀਮੈਂਟ ਮੈਂਬਰਾਂ ਨਾਲ ਗੱਲਬਾਤ ਕਰਣ ਦਾ ਸਮਾਂ ਲਿਆ ਸੀ ਜਿਸ ਅੰਦਰ ਜੱਥੇਦਾਰ ਅਕਾਲ ਤਖਤ ਨੂੰ ਉਚੇਚੇ ਤੌਰ ਤੇ ਸ਼ਿਰਕਤ ਕਰਣ ਲਈ ਸੱਦਾ ਦਿੱਤਾ ਗਿਆ ਸੀ । ਪਰ ਉਨ੍ਹਾਂ ਵਲੋਂ ਪ੍ਰੋਗਰਾਮ ਅੰਦਰ ਹਾਜ਼ਿਰੀ ਨਾ ਭਰਣ ਕਰਕੇ ਜਿੱਥੇ ਯੂਰੋਪੀਅਨ ਸਿੱਖਾਂ ਦੇ ਮਸਲੇਆਂ ਦਾ ਹੱਲ ਨਹੀਂ ਨਿਕਲ ਸਕਿਆ । ਇਨ੍ਹਾਂ ਮੁੱਦਿਆਂ ਦੇ ਹੱਲ ਲਈ ਮੁੜ ਤੋਂ ਫਰਾਂਸ ਦੀ ਪਾਰਲੀਮੈਂਟ ਮੈਂਬਰ ਮੈਕਸੇਟ ਪਿਰਬਕਸ ਨੇ ਕੋਸ਼ਿਸ਼ ਕੀਤੀ ਹੈ।
ਸਾਬਕਾ ਪ੍ਰੈਸੀਡੈਂਟ ਵਲੋਂ ਸਿੱਖਾਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ ਹੈ ਤੇ ਇਨ੍ਹਾਂ ਮੁੱਦਿਆਂ ਤੇ ਅਗਸਤ-ਸਤੰਬਰ ਵਿਚ ਹੋਣ ਵਾਲੀ ਪਾਰਲੀਮੈਂਟ ਅੰਦਰ ਗੱਲਬਾਤ ਵਿਚ ਵਿਚਾਰਾਂ ਕੀਤੀਆਂ ਜਾਣ ਦਾ ਭਰੋਸਾ ਦਿਵਾਇਆ ਹੈ । ਜੱਥੇਦਾਰ ਅਕਾਲ ਤਖਤ ਸਾਹਿਬ ਵਲੋਂ ਇਸ ਮੀਟਿੰਗ ਵਿਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਚਰਨ ਸਿੰਘ ਧਾਮੀ ਨਾਲ ਹਾਜ਼ਿਰੀ ਭਰਣ ਬਾਰੇ ਹਾਂ ਕੀਤੀ ਗਈ ਹੈ । ਇਸ ਮੌਕੇ ਗੁਰਦੁਆਰਾ ਸਿੰਤਰੁਦਨ ਦੇ ਪ੍ਰਧਾਨ ਸਰਦਾਰ ਕਰਮ ਸਿੰਘ, ਯੂਰੋਪੀਅਨ ਸਿੱਖ ਓਰਗੇਨਾਈਜੇਸ਼ਨ ਦੇ ਪ੍ਰਧਾਨ ਸਰਦਾਰ ਬਿੰਦਰ ਸਿੰਘ, ਦੀਦਾਰ ਸਿੰਘ ਔਲਖ, ਗੁਰਮੁੱਖ ਸਿੰਘ, ਯੂਰੋਪੀਅਨ ਚਰਚ ਦੇ ਪ੍ਰਧਾਨ ਇਵਾਨ ਪੇਲਾਡੋ, ਮਨੁੱਖੀ ਅਧਿਕਾਰ ਦੀ ਪੈਟਰੀਸੀਆ ਹੇਵਮਨ ਅਤੇ ਹੋਰ ਪਤਵੰਤੇ ਸੱਜਣ ਹਾਜਿਰ ਸਨ ।