ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਬਾਬਾ ਕੁਲਵੰਤ ਸਿੰਘ ਜੀ ਤੇ ਵਿਸ਼ੇਸ਼ ਡੋਕੁਮੈਂਟਰੀ ਕੀਤੀ ਗਈ ਰਿਲੀਜ਼

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਬੀਤੀ 25 ਜਨਵਰੀ ਨੂੰ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਵਿਖੇ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਦੀ 25 ਸਾਲ ਦੀ ਸੇਵਾ ਦੀ ਯਾਦ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ । ਇਸ ਇਤਿਹਾਸਕ ਮੌਕੇ ‘ਤੇ, ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲੈ ਕੇ ਉਨ੍ਹਾਂ ਦੀ ਸੇਵਾਵਾਂ ਨੂੰ ਯਾਦ ਕੀਤਾ। 25 ਜਨਵਰੀ ਨੂੰ, ਇਕ ਵਿਸ਼ੇਸ਼ ਦੀਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸਜਾਇਆ ਗਿਆ ਸੀ ਜਿਸ ਵਿਚ ਉਨ੍ਹਾਂ ਦੀਆਂ ਸੇਵਾਵਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਜੱਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ, ਗਿਆਨੀ ਸੁਲੱਖਣ ਸਿੰਘ ਜੱਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਗਿਆਨੀ ਹਰਪ੍ਰੀਤ ਸਿੰਘ, ਨਿਹੰਗ ਮੁੱਖੀ ਬਾਬਾ ਬਲਬੀਰ ਸਿੰਘ, ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ, ਪੰਥ ਦੇ ਵਿਦਵਾਨ, ਪੰਥ ਪ੍ਰਸਿੱਧ ਕੀਰਤਨੀ ਜੱਥੇ, ਪ੍ਰਚਾਰਕਾਂ ਦੇ ਨਾਲ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਪਰਮਜੀਤ ਸਿੰਘ ਵੀਰਜੀ ਨੇ ਹਾਜ਼ਿਰੀ ਭਰੀ ਸੀ।

ਬਾਬਾ ਕੁਲਵੰਤ ਸਿੰਘ ਜੀ ਦੇ ਮਾਤਾ ਸੰਤ ਕੌਰ ਜੀ ਸਨ ਅਤੇ ਆਪ ਜੀ ਦੇ ਪਿਤਾ ਬਲਵੰਤ ਸਿੰਘ ਜੀ ਇੱਕ ਨਿਪੁੰਨ ਕੀਰਤਨੀਏ ਸਨ। ਆਪ ਨੇ ਆਪਣੀ ਸਿੱਖਿਆ ਮਾਸਟਰ ਤਨ ਸਿੰਘ ਜੀ, ਗਿਆਨੀ ਜਗਜੀਤ ਸਿੰਘ ਜੀ ਅਤੇ ਗਿਆਨੀ ਹਰਦੀਪ ਸਿੰਘ ਜੀ ਤੋਂ ਪ੍ਰਾਪਤ ਕੀਤੀ ਉਪਰੰਤ ਆਪ ਜੀ ਨੇ ਆਪਣੇ ਭਰਾ ਭਾਈ ਸੁਖਦੇਵ ਸਿੰਘ ਜੀ ਨਾਲ ਸੱਚਖੰਡ ਦਰਬਾਰ ਸਾਹਿਬ ਵਿਖੇ ਰਾਗੀ ਵਜੋਂ ਸੇਵਾ ਸ਼ੁਰੂ ਕੀਤੀ। ਆਪ ਜੀ ਦੀ ਸੇਵਾਵਾਂ ਨੂੰ ਦੇਖਦਿਆਂ ਗੁਰਦੁਆਰਾ ਸੱਚਖੰਡ ਬੋਰਡ ਵਲੋਂ ਸਾਲ 2000 ਵਿਚ ਜੱਥੇਦਾਰ ਵਜੋਂ ਨਿਯੁਕਤ ਕੀਤਾ ਗਿਆ ਜੋ ਕਿ ਹੁਣ ਤਕ ਸੇਵਾ ਨਿਭਾ ਰਹੇ ਹਨ।

ਆਪ ਜੀ ਨੇ ਵੱਖ-ਵੱਖ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ ਹੋਇਆ ਹੈ ।ਇਸ ਮੌਕੇ ਪਰਮਜੀਤ ਸਿੰਘ ਵੀਰ ਜੀ ਨੇ ਬਾਬਾ ਕੁਲਵੰਤ ਸਿੰਘ ਜੀ ਦੀ 25 ਸਾਲਾ ਸੇਵਾਵਾਂ ਨੂੰ ਸਮਰਪਿਤ ਇਕ ਡੋਕੁਮੈਂਟਰੀ ਫਿਲਮ ਰਿਲੀਜ਼ ਕੀਤੀ ਤੇ ਨਾਲ ਹੀ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਵਿਖੇ ਚਲ ਰਹੇ ਖਾਲਸਾ ਸਕੂਲ ਦਾ ਦੌਰਾ ਕੀਤਾ ਅਤੇ ਓਥੇ ਪੜ ਰਹੇ ਬੱਚਿਆਂ ਨੂੰ ਕਾਪੀਆਂ, ਰਜਿਸਟਰ, ਪੈਨ, ਪੈਨਸਿਲ ਵੰਡ ਕੇ ਉਨ੍ਹਾਂ ਨੂੰ ਪੜਨ ਲਈ ਪ੍ਰੇਰਿਤ ਕੀਤਾ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version