(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਕਿਤਾਬ ‘‘ਕੌਰਨਾਮਾ’’ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀ ਲਾਹੌਰ ਵਿਖੇ ਵਿਦੇਸ਼ੀ ਸਿੱਖ ਸੰਗਤ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਜਾਰੀ ਕੀਤੀ ਗਈ। ਸੰਗਤਾਂ ਨੂੰ ਸੰਬੋਧਨ ਕਰਦਿਆ ਜਰਮਨੀ ਤੋਂ ਪੁੱਜੇ ਸਿੱਖ ਫੈਡਰੇਸ਼ਨ ਦੇ ਆਗੂ ਤੇ ਸ਼ਹੀਦ ਪਰਿਵਾਰਾਂ ’ਚੋਂ ਭਾਈ ਗੁਰਮੀਤ ਸਿੰਘ ਖਨਿਆਣ ਨੇ ਕਿਹਾ ਕਿ ਸ਼ਹੀਦ ਸਿੰਘਣੀ ਦੀ ਇਹ ਵਾਰਤਾ ਇਕ ਇਤਿਹਾਸਕ ਦਸਤਾਵੇਜ਼ ਹੈ। ਉਹਨਾਂ ਕਿਹਾ ਕਿ ਇਹ ਸਮੁੱਚੇ ਅਦਾਰੇ ਤੇ ਪੰਜਾਬ ਵਾਸੀਆਂ ਲਈ ਫਖ਼ਰ ਵਾਲੀ ਗੱਲ ਹੈ ਕਿ ਇਹ ਕਿਤਾਬ ਉਸ ਮਹਾਨ ਪਵਿੱਤਰ ਅਸਥਾਨ, ਜਿੱਥੇ ਸ਼ਹੀਦ ਸਿੰਘਾਂ ਤੇ ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ, ਉਸ ਥਾਂ ਤੋਂ ਲਹਿੰਦੇ ਪੰਜਾਬ ਦੇ ਪਾਠਕਾਂ ਲਈ ਜਾਰੀ ਕੀਤੀ ਗਈ।

ਉਹਨਾਂ ਕਿਹਾ ਕਿ ਲਾਹੌਰ ਇਕ ਉਹ ਇਤਿਹਾਸਕ ਸਥਾਨ ਹੈ ਜਿਥੋਂ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸਿੱਖ ਸਲਤਨਤ ਦੇ ਸਿੱਕੇ ਜਾਰੀ ਹੁੰਦੇ ਸਨ ਤੇ ਨੀਤੀਆਂ ਘੜੀਆਂ ਜਾਂਦੀਆਂ ਸਨ। ਵਿਦੇਸ਼ੀ ਸਿੱਖਾਂ ਨਾਲ ਪਾਕਿਤਸਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਬੀਬੀ ਸਤਵੰਤ ਕੌਰ ਨੇ ਕਿਤਾਬ ਜਾਰੀ ਕਰਨ ਸਮੇਂ ਕਿਹਾ ਕਿ ਇਹਨਾਂ ਖਾੜਕੂ ਸ਼ਹੀਦ ਬੀਬੀਆਂ ਨੇ ਪੁਰਾਤਨ ਸਿੰਘਣੀਆਂ ਵਾਂਗ ਬੰਦ-ਬੰਦ ਕਟਵਾ ਕੇ ਕੁਰਬਾਨੀਆਂ ਦੇ ਕੇ ਕੌਮ ਦੀ ਲੱਜਾ ਰੱਖੀ ਤੇ ਇਸ ਨੂੰ ਇਤਿਹਾਸ ਨੂੰ ਦਸਤਾਵੇਜ਼ ਦੇ ਰੂਪ ਵਿਚ ਲਿਖ ਕੇ ਸਾਂਭਣਾ ਇਕ ਚੰਗਾ ਕਾਰਜ ਹੈ।

ਮੀਡੀਆ ਨੂੰ ਭੇਜੇ ਗਏ ਪ੍ਰੈਸ ਬਿਆਨ ਵਿੱਚ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਦੱਸਿਆ ਕਿ ਭਾਈ ਗੁਰਮੀਤ ਸਿੰਘ ਖਨਿਆਣ ਦੇ ਸਹਿਯੋਗ ਤੇ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ’ਚ ਸੀਨੀਅਰ ਪੱਤਰਕਾਰ ਤੇ ਲੇਖਕ ਬਲਜਿੰਦਰ ਸਿੰਘ ਵੱਲੋਂ ਲਿਖੀ ਗਈ ਕਿਤਾਬ ‘‘ਕੌਰਨਾਮਾ’’ ਪਹਿਲੀ ਵਾਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਬਰਸੀ ’ਤੇ ਉਹਨਾਂ ਦੇ ਇਤਿਹਾਸਕ ਨਗਰ ਤੋਂ ਜਾਰੀ ਕੀਤੀ ਗਈ, ਕਿਤਾਬ ਚਰਚਾ ਵਿਚ ਆਉਂਣ ’ਤੇ ਕਈ ਦੇਸ਼ਾਂ ਵਿਚ ਕਿਤਾਬ ਦੇ ਵੱਖ ਵੱਖ ਐਡੀਸ਼ਨ ਜਾਰੀ ਕੀਤੇ ਗਏ। ਇਸ ਮੌਕੇ ਸ਼ਹੀਦ ਪਰਿਵਾਰਾਂ ’ਚੋਂ ਤੇ ਜਰਮਨ ਤੋਂ ਸਿੱਖ ਫੈਡਰੇਸ਼ਨ ਦੇ ਆਗੂ ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਸੁਖਦੇਵ ਸਿੰਘ ਹੇਰਾਂ, ਭਾਈ ਅਮਰਜੀਤ ਸਿੰਘ ਮੰਗੁਪੁਰ, ਭਾਈ ਮੱਖਣ ਸਿੰਘ ਯੂ.ਐਸ.ਏ., ਭਾਈ ਅਵਤਾਰ ਸਿੰਘ ਪੱਡਾ, ਭਾਈ ਪ੍ਰਿਥੀਪਾਲ ਸਿੰਘ ਬੈਲਜੀਅਮ, ਭਾਈ ਹਰੀ ਸਿੰਘ ਖੱਟਰ ਤੇ ਹੋਰ ਸਿੱਖ ਆਗੂ ਵੀ ਮੌਜੂਦ ਸਨ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version