(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਡਾ: ਵਿਕਰਮਜੀਤ ਸਿੰਘ ਸਾਹਨੀ, ਐਮ.ਪੀ., ਰਾਜ ਸਭਾ ਪੰਜਾਬ ਨੇ ਅੱਜ ਦਿੱਲੀ ਅਤੇ ਪੰਜਾਬ ਦੇ 10,000 ਨੌਜਵਾਨਾਂ ਨੂੰ ਦਿੱਲੀ ਅਤੇ ਪੰਜਾਬ ਵਿੱਚ ਚਲਾਏ ਜਾ ਰਹੇ ਵਿਸ਼ਵ ਪੱਧਰੀ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਤੋਂ ਮੁਫਤ ਹੁਨਰ ਅਤੇ ਨੌਕਰੀਆਂ ਪ੍ਰਦਾਨ ਕਰਨ ਦਾ ਅਹਿਦ ਲਿਆ।
ਡਾ: ਸਾਹਨੀ ਸੰਨ ਫਾਊਂਡੇਸ਼ਨ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਬੋਲ ਰਹੇ ਸਨ, ਜਿਸ ਨੇ 27 ਸਾਲ ਪਹਿਲਾਂ ਸਮਾਜ ਦੀ ਸੇਵਾ ਕਰਨੀ ਸ਼ੁਰੂ ਕੀਤੀ ਸੀ ਅਤੇ ਕੋਵਿਡ ਦੌਰਾਨ, ਪੇਂਡੂ ਔਰਤਾਂ ਨੂੰ ਹੁਨਰਮੰਦ ਬਣਾਉਣ, ਅਫਗਾਨ ਸ਼ਰਨਾਰਥੀਆਂ ਦੇ ਮੁੜ ਵਸੇਬੇ ਅਤੇ ਹੋਰ ਕਈ ਬਿਪਤਾਵਾਂ ਦੌਰਾਨ ਮਿਸਾਲੀ ਕੰਮ ਕੀਤੇ ਹਨ। ਸ਼੍ਰੀ ਸਾਹਨੀ ਨੇ ਆਈ.ਟੀ.ਆਈਜ਼ ਨੂੰ ਆਈ.ਆਈ.ਟੀ. ਵਿੱਚ ਬਦਲਣ ਦੇ ਆਪਣੇ ਸੁਪਨੇ ਨੂੰ ਵੀ ਸਾਂਝਾ ਕੀਤਾ ਜਿੱਥੇ ਉਹਨਾ ਨੇ ਪੰਜਾਬ ਵਿੱਚ 10 ਆਈ.ਟੀ.ਆਈ. ਸੰਸਥਾਵਾਂ ਅਪਨਾਈਆਂ ਹਨ।
ਡਾ: ਸਾਹਨੀ ਨੇ ਰਾਸ਼ਟਰੀ ਅਪ੍ਰੈਂਟਿਸਸ਼ਿਪ ਕੌਂਸਲ ਦੇ ਵਾਈਸ ਚੇਅਰਮੈਨ ਨਿਯੁਕਤ ਕਰਨ ਲਈ ਹੁਨਰ ਵਿਕਾਸ ਅਤੇ ਉੱਦਮਤਾ ਬਾਰੇ ਮਾਣਯੋਗ ਮੰਤਰੀ ਸ਼੍ਰੀ ਜਯੰਤ ਚੌਧਰੀ ਦਾ ਵੀ ਧੰਨਵਾਦ ਕੀਤਾ। ਸ਼੍ਰੀ ਸਾਹਨੀ ਨੇ ਵਪਾਰ ਅਤੇ ਉਦਯੋਗ ਨੂੰ ਬੇਨਤੀ ਕੀਤੀ ਕਿ ਉਹ ਨੌਜਵਾਨਾਂ ਨੂੰ ਨੌਕਰੀ ਦੀ ਸਿਖਲਾਈ ਲਈ ਅਪ੍ਰੈਂਟਿਸਸ਼ਿਪ ਵਜੋਂ ਰੁਜ਼ਗਾਰ ਦੇਣ ਜਿਸ ਲਈ ਸਰਕਾਰ ਵਿੱਤੀ ਸਹਾਇਤਾ ਦਏਗੀ।