(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

   
--->

ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਅੱਜ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਪੰਥਕ ਸੰਸਥਾਵਾਂ ਦੇ ਲਗਾਤਾਰ ਗਹਿਰੇ ਹੁੰਦੇ ਜਾ ਰਹੇ ਸੰਕਟਾਂ ਦੇ ਵਰਤਾਰੇ ਵਿਚ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਉਤੇ ਹੋਈ ਕਾਰਵਾਈ ਇਕ ਅਹਿਮ ਪੜਾਅ ਸੀ। ਬਿਨਾ ਸ਼ੱਕ ਜੋ ਗੁਨਾਹ ਬਾਦਲ ਧੜੇ ਕੋਲੋਂ ਮੰਨਵਾਏ ਗਏ ਹਨ ਉਹ ਸਹੀ ਹਨ ਪਰ ਇਸ ਸਾਰੀ ਗਿਰਾਵਟ ਅਤੇ ਪੁਨਰਸੁਰਜੀਤੀ ਬਾਰੇ ਬਿਨਾ ਕਿਸੇ ਪੜਚੋਲ ਅਤੇ ਗੁਰਸੰਗਤਿ ਦੇ ਵੱਖ-ਵੱਖ ਜਥਿਆਂ ਸੰਸਥਾਵਾਂ ਦੀ ਸ਼ਮੂਲੀਅਤ ਨਾ ਕਰਵਾਉਣ ਕਾਰਨ 2 ਦਸੰਬਰ ਵਾਲੇ ਫੈਸਲਿਆਂ ਨਾਲ ਪੰਥ ਵਿਚ ਸੂਤਰਧਾਰਤਾ ਹੋਣ ਦੀ ਬਜਾਏ ਖਿੰਡਾਓ ਅਤੇ ਭੰਬਲਭੂਸਾ ਹੋਰ ਵੀ ਵਧ ਗਿਆ ਹੈ।

ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਕਿਹਾ ਗਿਆ ਹੈ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਵੱਖ-ਵੱਖ ਤਖਤਾਂ ਦੇ ਜਥੇਦਾਰਾਂ ਦੀ ਮਨਮਰਜੀ ਨਾਲ ਕੀਤੀ ਸੇਵਾ ਮੁਕਤੀ ਅਤੇ ਸ਼੍ਰੋਮਣੀ ਕਮੇਟੀ ਦੇ ਪਰਧਾਨ ਦਾ ਅਸਤੀਫਾ ਖਿੰਡਾਉ ਦੇ ਇਸ ਵਰਤਾਰੇ ਦੀ ਪਰਤੱਖ ਮਿਸਾਲ ਹੈ। ਉਹਨਾ ਕਿਹਾ ਕਿ 2 ਦਸੰਬਰ 2024 ਨੂੰ ਬਾਦਲ ਦਲ ਦੇ ਵਿਚ ਸਰਗਰਮ ਰਹੇ ਵੱਖ-ਵੱਖ ਵੋਟ ਰਾਜਨੀਤਕ ਆਗੂਆਂ, ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਤਖਤਾਂ ਦੇ ਜਥੇਦਾਰਾਂ ਵਲੋਂ ਸਾਂਝੇ ਰੂਪ ਵਿਚ ਸੰਗਤ ਦੇ ਸਨਮੁਖ ਪੰਜ ਗੁਨਾਹ ਤਸਲੀਮ ਕੀਤੇ ਹਨ ਜਿਸ ਇਸ ਪ੍ਰਕਾਰ ਹਨ: ਪਹਿਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਤੇ ਸ਼ਬਦ ਗੁਰੂ ਦੀ ਘੋਰ ਬੇਅਦਬੀ ਕਰਨ ਵਾਲਿਆਂ (ਜਿਵੇਂ ਕਿ ਸਿਰਸੇ ਵਾਲੇ ਪਾਖੰਡੀ) ਨਾਲ ਸਾਂਝ ਰੱਖਣੀ ਤੇ ਉਹਨਾ ਦੀ ਪੁਸ਼ਤਪੁਨਾਹੀ ਕਰਨੀ; ਦੁਜਾ, ਗੁਰੂ ਖਾਲਸਾ ਪੰਥ ਦੇ ਦੋਖੀਆਂ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਜਾਲਮ ਪੁਲਿਸ ਅਫਸਰਾਂ ਨੂੰ ਪ੍ਰਸ਼ਾਸਨਿਕ ਅਤੇ ਰਾਜਸੀ ਅਹੁਦੇ ਦੇਣੇ ਤੇ ਉਹਨਾ ਦੀ ਪੁਸ਼ਤਪਨਾਹੀ ਕਰਨੀ; ਤੀਜਾ, ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਮੌਰਤਾ ਅਤੇ ਸਾਖ ਨੂੰ ਢਾਹ ਲਾਉਣੀ; ਚੌਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਾਖ, ਖੁਦਮੁਖਤਿਆਰੀ ਅਤੇ ਨਿਰਪੱਖਤਾ ਨੂੰ ਢਾਹ ਲਾਉਣੀ ਅਤੇ ਪੰਜਵਾਂ ਸਿੱਖਾਂ ਦੀ ਜਥੇਬੰਦੀ ਅਕਾਲੀ ਦਲ ਦਾ ਚਰਿੱਤਰ ਬਦਲ ਕੇ ਇਸ ਨੂੰ ਪੰਜਾਬੀ ਪਾਰਟੀ ਬਣਾਉਣਾ।

ਉਹਨਾ ਕਿਹਾ ਕਿ ਇਹਨਾਂ ਗੰਭੀਰ ਗੁਨਾਹਾਂ ਬਾਬਤ ਬੀਤੇ ਲੰਮੇ ਸਮੇਂ ਤੋਂ ਬਹੁਤ ਸਾਰੇ ਪੰਥਪਰਸਤ ਜਥੇ ਅਤੇ ਸਖਸ਼ੀਅਤਾਂ ਲਗਾਤਾਰ ਖਾਲਸਾ ਪੰਥ ਨੂੰ ਸੁਚੇਤ ਕਰ ਰਹੇ ਸਨ। ਹੁਣ ਜਦੋਂ ਬਾਦਲ ਧੜੇ ਦੀ ਆਪਣੀ ਸਾਖ ਬਹੁਤ ਡਿੱਗ ਗਈ ਅਤੇ ਇਸ ਵਿਚ ਅੰਦਰੂਨੀ ਖਿੰਡਾਓ ਅਤੇ ਪਾਟੋਧਾੜ ਬਹੁਤ ਵਧ ਗਈ ਤੇ ਇਹਨਾ ਨੂੰ ਲਗਾਤਾਰ ਵੋਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਇਹਨਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਇਹ ਗੁਨਾਹ ਮੰਨੇ ਗਏ। ਪਰ ਇਹ ਮਾਮਲਾ ਕੁਛ ਆਗੂਆਂ ਦੀ ਧਾਰਮਿਕ ਸੁਧਾਈ ਦਾ ਨਹੀਂ ਹੈ, ਅਸਲ ਵਿਚ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਅਕਾਲੀ ਰਾਜਨੀਤੀ ਦੀ ਸਾਖ ਅਤੇ ਸ਼ਾਨ ਦੀ ਪੁਨਰਸੁਰਜੀਤੀ ਦਾ ਹੈ।

ਪਰ ਪੁਨਰਸੁਰਜੀਤੀ ਦੀ ਕਾਰਵਾਈ ਮੰਨੇ ਗਏ ਗੁਨਾਹਾਂ ਦੀ ਦੀਰਘ ਪੜਚੋਲ ਅਤੇ ਸਰਬਤ ਖਾਲਸਾ ਪੰਥ ਦੇ ਜਥਿਆਂ ਅਤੇ ਪੰਥਕ ਸਖਸ਼ੀਅਤਾਂ ਨੂੰ ਸ਼ਾਮਲ ਕੀਤੇ ਬਿਨਾ ਹੀ ਕੀਤੀ ਗਈ ਹੈ। ਇਸੇ ਕਰਕੇ 2 ਦਸੰਬਰ ਵਾਲੇ ਫੈਸਲਿਆਂ ਨਾਲ ਪੰਥ ਵਿਚ ਸੂਤਰਧਾਰਤਾ ਹੋਣ ਦੀ ਬਜਾਏ ਖਿੰਡਾਓ ਅਤੇ ਭੰਬਲਭੂਸਾ ਹੋਰ ਵੀ ਵਧ ਗਿਆ ਹੈ। ਪੰਚ ਪ੍ਰਧਾਨੀ ਪੰਥਕ ਜਥੇ ਨੇ ਕਿਹਾ ਹੈ ਕਿ ਇਸ ਮਸਲੇ ਦਾ ਹੱਲ ਤਾਂ ਹੀ ਹੋ ਸਕਦਾ ਹੈ ਜੇਕਰ ਪਹਿਲਾਂ ਬਾਦਲ ਦਲੀਆਂ ਵੱਲੋਂ ਮੰਨੇ ਗਏ ਗੁਨਾਹਾਂ ਦੇ ਕਾਰਨਾਂ ਦੀ ਪੜਚੋਲ ਕੀਤੀ ਜਾਵੇ। ਇਸ ਪੜਚੋਲ ਤੋਂ ਬਾਅਦ ਹੀ ਸਾਰਥਕ ਹੱਲ ਉਲੀਕੇ ਜਾ ਸਕਦੇ ਹਨ। ਉਹਨਾ ਕਿਹਾ ਕਿ ਇਸ ਵਿਆਪਕ ਪੜਚੋਲ ਲਈ ਗੁਰੂ ਖਾਲਸਾ ਪੰਥ ਅਤੇ ਗੁਰਸੰਗਤਿ ਦੇ ਸਰਬਤ ਸਰਗਰਮ ਸੰਸਥਾਵਾਂ ਤੇ ਜਥਿਆਂ ਦਰਮਿਆਨ ਪੁਖਤਾ ਸੰਵਾਦ ਰਚਾਉਣ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version