ਜੱਥੇਦਾਰ ਅਕਾਲ ਤਖਤ ਸਾਹਿਬ ਅਤੇ ਸਿੱਖ ਜੱਥੇਬੰਦੀਆਂ ਇਸ ਉਪਰ ਤੁਰੰਤ ਰੋਕ ਲਗਾਉਣ ਦਾ ਕਰਣ ਉਪਰਾਲਾ

ਨਵੀਂ ਦਿੱਲੀ ਮਨਪ੍ਰੀਤ ਸਿੰਘ ਖਾਲਸਾ)

ਧਰਮ ਤਾਂ ਦੁਨੀਆਂ ਵਿਚ ਹੋਰ ਵੀ ਬਥੇਰੇ ਹਨ ਅਤੇ ਧਰਮ ਸਥਾਨ ਵੀ ਬੇਸ਼ੁਮਾਰ ਹਨ, ਪਰ ਜਿੰਨੀਆਂ ਬੇਹੂਦਾ ਤੇ ਘਿਨਾਉਣੀਆਂ ਖ਼ਬਰਾਂ ਸਿੱਖ ਪੰਥ ਨੂੰ ਵੰਗਾਰ ਪਾਉਣ ਲਈ ਪੜ੍ਹਨ ਨੂੰ ਮਿਲਦੀਆਂ ਹਨ, ਉਸ ਦਾ ਕੋਈ ਸ਼ੁਮਾਰ ਨਹੀਂ। ਕਿਸੇ ਦਿਨ ਖ਼ਬਰ ਪੜ੍ਹਨ ਨੂੰ ਮਿਲਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ। ਅਗਲੇ ਦਿਨ ਖ਼ਬਰ ਆਉਂਦੀ ਹੈ ਕਿ ਫਲਾਣੇ ਬੰਦੇ ਨੇ ਸਿੱਖ ਪੰਥ ਵਿਰੁੱਧ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।

ਇਸੇ ਕੜੀ ਅੰਦਰ ਅਖੌਤੀ ਸੰਤ ਰਾਮਪਾਲ ਜੋ ਕਿ ਚਾਰ ਔਰਤਾਂ ਅਤੇ ਇੱਕ ਬੱਚੇ ਦੀ ਹੱਤਿਆ ਅਤੇ ਹੋਰ ਕਈ ਮਾਮਲੇਆਂ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਦੇ ਡੇਰੇ ਵਲੋਂ ਭਗਤ ਕਬੀਰ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਦਸਦਿਆਂ ਗਲਤ ਪ੍ਰਚਾਰ ਕਰਣਾ ਸ਼ੁਰੂ ਕੀਤਾ ਹੋਇਆ ਹੈ ਜਿਸ ਨਾਲ ਪੰਥ ਦੀਆਂ ਭਾਵਨਾਵਾਂ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ। ਅਖੌਤੀ ਸੰਤ ਰਾਮਪਾਲ ਦਾ ਡੇਰਾ ਇਕ ਲੁਕਵੀ ਸਾਜ਼ਿਸ਼ ਤਹਿਤ ਜਾਣਬੁਝ ਕੇ ਦੇਸ਼ ਦੇ ਮਾਹੌਲ ਨੂੰ ਲੰਬੂ ਲਾਉਣ ਦੀ ਘਿਣਾਉਣੀ ਚਾਲ ਚਲ ਰਿਹਾ ਹੈ।

ਪਰਮਜੀਤ ਸਿੰਘ ਵੀਰਜੀ ਨੇ ਦਸਿਆ ਕਿ ਭਗਤ ਕਬੀਰ ਜੀ ਜੋ ਕਿ ਗੁਰੂ ਨਾਨਕ ਸਾਹਿਬ ਤੋਂ ਬਹੁਤ ਪਹਿਲਾਂ ਹੋਏ ਸਨ ਓਹ ਭਗਤ ਹਨ ਸਤਿਕਾਰ ਯੋਗ ਹਨ ਪਰ ਕਦਾਚਿੱਤ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਨਹੀਂ ਸਨ। ਗੁਰੂ ਨਾਨਕ ਸਾਹਿਬ ਜੀ ਨੇ ਆਪ ਗੁਰਬਾਣੀ ਵਿਚ ਜਦੋ ਜੋਗੀ ਗੁਰੂ ਸਾਹਿਬ ਨੂੰ ਪੁੱਛਦੇ ਸਨ ਕਿ ਤੁਹਾਡਾ ਗੁਰੂ ਕੌਣ ਹੈ “ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥ ਤੇਰਾ ਕੌਣ ਗੁਰੂ ਹੈ, ਜਿਸ ਦਾ ਤੂੰ ਚੇਲਾ ਹੈਂ.?” ਬਾਰੇ ਪ੍ਰਮਾਣ ਦੇਂਦਿਆ ਕਹਿੰਦੇ “ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।” (ਅੰਗ 942-43) ਅਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਸਮੁੱਚੀ ਹੀ ਬਾਣੀ ਮਨੁੱਖਤਾ ਦੀ ਗੁਰੂ ਹੈ, ਜਿਸ ਦੀ ਤਸਦੀਕ ਗੁਰਬਾਣੀ ਨੇ ਵੀ ਕੀਤੀ ਹੈ:- ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ॥

ਗੁਰੁ, ਬਾਣੀ ਕਹੈ, ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ॥5॥’ (ਨਟ ਮ: 4, ਪੰਨਾ 982) ਗੁਰਮਤਿ ਦੇ ਮਹਾਨ ਵਿਆਖਿਆਕਾਰ ਭਾਈ ਨੰਦ ਲਾਲ ਸਿੰਘ ਜੀ ‘ਰਹਿਤਨਾਮਾ ਪ੍ਰਸ਼ਨ ਉੱਤਰ’ ਵਿੱਚ ਗੁਰੂ ਦੇ ਤਿੰਨ ਰੂਪਾਂ ਦਾ ਵਰਨਣ ਇਸ ਤਰ੍ਹਾਂ ਕਰ ਰਹੇ ਹਨ:- ‘ਤੀਨ ਰੂਪ ਹੈਂ ਮੋਹ ਕੇ ਸੁਨਹੁ ਨੰਦ! ਚਿੱਤ ਲਾਇ॥ ਨਿਰਗੁਣ, ਸਰਗੁਣ, ਗੁਰ ਸ਼ਬਦ ਕਹਹੁ ਤੋਹਿ ਸਮਝਾਇ॥6॥”

ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਭਾਈ ਪਰਮਜੀਤ ਸਿੰਘ ਵੀਰ ਜੀ ਨੇ ਜੱਥੇਦਾਰ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਕਮੇਟੀ, ਸੰਤ ਸਮਾਜ਼, ਨਿਹੰਗ ਜੱਥੇਬੰਦੀਆਂ, ਸਮੂਹ ਫੈਡਰੇਸ਼ਨਾਂ ਨੇ ਨਾਲ ਰਾਜਸੀ ਅਤੇ ਧਾਰਮਿਕ ਜੱਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਮਪਾਲ ਦੇ ਡੇਰੇ ਵਲੋਂ ਸਿੱਖ ਪੰਥ ਖਿਲਾਫ ਸ਼ੁਰੂ ਕੀਤੇ ਗਏ ਵਿਵਾਦਿਤ ਪ੍ਰਚਾਰ ਨੂੰ ਨਾਸੂਰ ਬਣਨ ਤੋਂ ਪਹਿਲਾਂ ਹੀ ਨੱਥ ਪਾਈ ਜਾਏ ਜਿਸ ਨਾਲ ਪੰਥ ਨੂੰ ਸੜਕਾਂ ਤੇ ਆਣ ਲਈ ਮਜਬੂਰ ਨਾ ਹੋਣਾ ਪਵੇ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version