(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਲਹਿੰਦੇ ਪੰਜਾਬ ਦੀ ਇਤਿਹਾਸਕ ਨਗਰੀ ਸ਼ਹਿਰ ਹਸਨ ਅਬਦਾਲ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਕਿਤਾਬ ‘‘ਕੌਰਨਾਮਾ’’ ਦੀ ਨਵੀਂ ਛਾਪ ਵਿਦੇਸ਼ੀ ਸਿੱਖ ਸੰਗਤ ਵਲੋਂ ਜਾਰੀ ਕੀਤੀ ਗਈ। ਬੁਲਾਰਿਆਂ ਨੇ ਨਵੇਂ ਐਡੀਸ਼ਨ ’ਚ ਕਿਤਾਬ ਵਿਚਲੀਆਂ ਸੋਧਾਂ ਤੇ ਵਾਧਿਆਂ ਬਾਰੇ ਜਾਣਕਾਰੀ ਦਿੱਤੀ। ਪਿਛਲੇ ਲੰਮੇ ਸਮੇਂ ਤੋਂ ਸਰਗਰਮ ਪੰਥਕ ਆਗੂ ਭਾਈ ਗੁਰਦਿਆਲ ਸਿੰਘ ਉਰਫ਼ ਲਾਲੀ ਸੁਖ ਜਰਮਨ ਨੇ ਕਿਹਾ ਕਿ ਘਟਨਾਵਾਂ ਦੀ ਖ਼ੋਜ ਤੇ ਲਿਖਣ ਕਾਰਜ ਲਈ ਸੀਨੀਅਰ ਪੱਤਰਕਾਰ ਤੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਭਾਈ ਦਲਜੀਤ ਸਿੰਘ ਬਿੱਟੂ ਦੀ ਰਹਿਨਮਾਈ ਤੇ ਭਾਈ ਗੁਰਮੀਤ ਸਿੰਘ ਖਨਿਆਣ ਵਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੀ ਸਮੂਲੀਅਤ ਇਸ ਨੂੰ ਹੋਰ ਵਿਸ਼ਾਲਤਾ ਪ੍ਰਦਾਨ ਕਰੇਗੀ।

ਉਹਨਾਂ ਕਿਹਾ ਕਿ ਮੈਂ ਤੇ ਸਿੱਖ ਸੰਗਤਾਂ ਭਵਿੱਖ ਵਿਚ ਅਜਿਹੇ ਇਤਿਹਾਸਕ ਕਾਰਜ ਜਾਰੀ ਰਹਿਣ ਲਈ ਆਸਮੰਦ ਹਾਂ। ਉਹਨਾਂ ਕਿਹਾ ਕਿ ਵੀਹਵੀਂ ਸਦੀ ਦਾ ਸਿੱਖ ਹਥਿਆਰਬੰਦ ਸੰਘਰਸ਼ ਸਿੱਖ ਇਤਿਹਾਸ ’ਚ ਇਕ ਅਮਿੱਟ ਤੇ ਸੁਨਹਿਰੀ ਛਾਪ ਛੱਡ ਗਿਆ, ਜਿਸ ਨੂੰ ਪਿਛਲੇ ਘੱਲੂਘਾਰਿਆਂ ਵਾਂਗ ਮਨਫੀ ਨਹੀਂ ਕੀਤਾ ਜਾ ਸਕਦਾ, ਇਹ ਸਮਾਂ ਪਿਛਲੀਆਂ ਸਦੀਆਂ ਦੀਆਂ ਕੁਰਬਾਨੀਆਂ, ਜੁਝਾਰੂ ਜਜਬਾ, ਬੰਦ ਬੰਦ ਕਟਵਾ ਕੇ ਵੀ ਗੁਪਤ ਭੇਤ ਨਸ਼ਰ ਨਾ ਕਰਨੇ, ਤਸੀਹਿਆਂ ਨੂੰ ਖਿੜੇ ਮੱਥੇ ਝੱਲਣਾ ਆਦਿ ਸਾਰਾ ਕੁਝ ਦੁਹਰਾਅ ਗਿਆ।

ਇਸ ਸਮਾਗਮ ਵਿਚ ਜਰਮਨ, ਬੈਲਜੀਅਮ, ਇੰਗਲੈਂਡ ਤੇ ਅਮਰੀਕਾ ਤੋਂ ਆਈ ਸੰਗਤ ਨੇ ਹਿੱਸਾ ਲਿਆ। ਸ਼ਹੀਦ ਪਰਿਵਾਰਾਂ ’ਚੋਂ ਤੇ ਜਰਮਨ ਤੋਂ ਸਿੱਖ ਫੈਡਰੇਸ਼ਨ ਦੇ ਆਗੂ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਪ੍ਰਿਥੀਪਾਲ ਸਿੰਘ ਬੈਲਜੀਅਮ, ਭਾਈ ਮੱਖਣ ਸਿੰਘ ਅਮਰੀਕਾ, ਭਾਈ ਬਘੇਲ ਸਿੰਘ ਇੰਗਲੈਡ, ਸੁਖਦੇਵ ਸਿੰਘ ਹੇਰਾਂ, ਭਾਈ ਅਮਰਜੀਤ ਸਿੰਘ ਮੰਗੁਪੁਰ, ਭਾਈ ਹਰੀ ਸਿੰਘ ਖੱਟਰ, ਭਾਈ ਮੱਖਣ ਸਿੰਘ ਯੂ.ਐਸ.ਏ., ਭਾਈ ਅਵਤਾਰ ਸਿੰਘ ਪੱਡਾ ਤੇ ਹੋਰ ਸਿੱਖ ਆਗੂ ਵੀ ਮੌਜੂਦ ਸਨ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version