(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਪੰਜਾਬ ਦੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆ ਪੰਜਾਬ ਤੋਂ ਰਾਜ ਸਭਾ ਮੈਂਬਰ ਸ. ਵਿਕਰਮਜੀਤ ਸਿੰਘ ਸਾਹਨੀ ਦੀ ਅਗਵਾਈ ਹੇਠ ਪਟਿਆਲਾ ਵਿਖੇ ‘ਮੇਰਾ ਹੁਨਰ ਮੇਰੀ ਸ਼ਾਨ’ ਤਹਿਤ ਸੰਨ ਫਾਉਂਡੇਸ਼ਨ ਵੱਲੋਂ ‘ਵਰਲਡ ਸਕਿੱਲ ਸੈਂਟਰ ਆਫ ਐਕਸੀਲੈਂਸ’ ਦਾ ਉਦਘਾਟਨ ਕੀਤਾ ਗਿਆ।
ਇੱਥੇ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਸ਼ਵ ਹੁਨਰ ਕੇਂਦਰ ਆਫ਼ ਐਕਸੀਲੈਂਸ ਦਾ ਉਦਘਾਟਨ ਪੰਜਾਬ ਦੇ ਰੋਜ਼ਗਾਰ ਉਤਪੱਤੀ ਤੇ ਹੁਨਰ ਵਿਕਾਸ ਮੰਤਰੀ ਅਮਨ ਅਰੋੜਾ, ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ, ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸੰਸਦ ਮੈਂਬਰ ਧਰਮਵੀਰ ਗਾਂਧੀ, ਵਿਧਾਇਕ ਅਜੀਤ ਪਾਲ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਨੇ ਕੀਤਾ। ਇਸ ਮੌਕੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਅਰਦਾਸ ਕੀਤੀ। ਸੰਨ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਸੰਸਦ ਮੈਂਬਰ ਡਾ. ਸਾਹਨੀ ਨੇ ਦੱਸਿਆ ਕਿ ਇਹ ਅਤਿ-ਆਧੁਨਿਕ ਹੁਨਰ ਵਿਕਾਸ ਕੇਂਦਰ ਸਾਲਾਨਾ 1,000 ਤੋਂ ਵੱਧ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਪ੍ਰਦਾਨ ਕਰੇਗਾ, ਜਿਸ ਨਾਲ ਸਥਾਨਕ ਨੌਜਵਾਨਾਂ ਲਈ ਨੌਕਰੀਆਂ ਯਕੀਨੀ ਬਣਾਈਆਂ ਜਾਣਗੀਆਂ।
ਇਸ ਕੇਂਦਰ ਵਿਖੇ ਅਤਿ-ਆਧੁਨਿਕ ਕੋਰਸ ਕਰਵਾਏ ਜਾਂਦੇ ਹਨ, ਜਿਸ ਵਿੱਚ ਜਨਰਲ ਡਿਊਟੀ ਅਸਿਸਟੈਂਟ, ਅਸਿਸਟੈਂਟ ਇਲੈਕਟ੍ਰੀਸ਼ੀਅਨ, ਅਸਿਸਟੈਂਟ ਬਿਊਟੀ ਥੈਰੇਪਿਸਟ, ਬੀਐਫਐਸਆਈ-ਬੈਂਕ ਇਨਸ਼ੋਰੈਂਸ ਰਿਲੇਸ਼ਨਸ਼ਿਪ ਐਸੋਸੀਏਟ, ਬੀਐਫਐਸਆਈ-ਅਕਾਊਂਟ ਅਸਿਸਟੈਂਟ, ਅਤੇ ਘਰੇਲੂ ਡਾਟਾ ਐਂਟਰੀ ਆਪਰੇਟਰ ਸ਼ਾਮਲ ਹਨ।
ਡਾ. ਸਾਹਨੀ ਨੇ ਕਿਹਾ ਕਿ ਸਾਡਾ ਟੀਚਾ ਪੰਜਾਬ ਭਰ ਵਿੱਚ ਸਾਡੇ ਵੱਖ-ਵੱਖ ਹੁਨਰ ਵਿਕਾਸ ਕੇਂਦਰਾਂ ਅਤੇ ਅਪਣਾਏ ਗਏ ਆਈਟੀਆਈ ਰਾਹੀਂ ਸਾਲਾਨਾ 10,000 ਨੌਜਵਾਨਾਂ ਨੂੰ ਸਿਖਲਾਈ ਪ੍ਰਦਾਨ ਕਰਨਾ ਹੈ। ਅਤਿ-ਆਧੁਨਿਕ ਮਸ਼ੀਨਰੀ ‘ਤੇ ਆਧੁਨਿਕ ਹੁਨਰ ਪ੍ਰਦਾਨ ਕਰਕੇ, ਅਸੀਂ ਸਿੱਖਿਆ ਅਤੇ ਰੁਜ਼ਗਾਰ ਦਰਮਿਆਨ ਪਾੜੇ ਨੂੰ ਪੂਰ ਰਹੇ ਹਾਂ। ਡਾ. ਸਾਹਨੀ ਨੇ ਨਿਰਵਿਘਨ ਨੌਕਰੀ ਪਲੇਸਮੈਂਟ ਦੀ ਸਹੂਲਤ ਲਈ ਮਜ਼ਬੂਤ ਉਦਯੋਗਿਕ ਸੰਬੰਧਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਇਹ ਹੁਨਰ ਕੇਂਦਰ ਨਾ ਸਿਰਫ਼ ਗਿਆਨ ਪ੍ਰਦਾਨ ਕਰੇਗਾ ਬਲਕਿ ਇਹ ਵੀ ਯਕੀਨੀ ਬਣਾਏਗਾ ਕਿ ਸਿਖਲਾਈ ਪ੍ਰਾਪਤ ਵਿਦਿਆਰਥੀ ਨਾਮਵਰ ਕੰਪਨੀਆਂ ਵਿੱਚ ਸਨਮਾਨਜਨਕ ਨੌਕਰੀਆਂ ਪ੍ਰਾਪਤ ਕਰਨ। ਸਾਡਾ ਸੰਪੂਰਨ ਦ੍ਰਿਸ਼ਟੀਕੋਣ ਹੱਥੀਂ ਸਿਖਲਾਈ, ਸਲਾਹ ਅਤੇ ਨੌਕਰੀ ਦੀ ਤਿਆਰੀ ਨੂੰ ਜੋੜਕੇ, ਸਾਡੇ ਨੌਜਵਾਨਾਂ ਲਈ ਇੱਕ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਂਣਾ ਹੈ।
ਇਸ ਮੌਕੇ ਸ਼੍ਰੀ ਅਮਨ ਅਰੋੜਾ, ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾ. ਸਾਹਨੀ ਦੀ ਇਹ ਪਹਿਲਕਦਮੀ ਸੱਚਮੁੱਚ ਪੰਜਾਬ ਦੇ ਨੌਜਵਾਨਾਂ ਲਈ ਪਰਿਵਰਤਨਸ਼ੀਲ ਹੈ। ਪਟਿਆਲਾ ਵਿੱਚ ਵਰਲਡ ਸਕਿੱਲ ਸੈਂਟਰ ਆਫ਼ ਐਕਸੀਲੈਂਸ ਵਿਸ਼ਵ ਪੱਧਰੀ ਸਿਖਲਾਈ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਇਹ ਹੁਨਰ ਕੇਂਦਰ ਹਜ਼ਾਰਾਂ ਨੌਜਵਾਨ ਚਾਹਵਾਨਾਂ ਲਈ ਉਮੀਦ ਦੀ ਕਿਰਨ ਸਾਬਤ ਹੋਵੇਗਾ।