‘ਬਾਬਾ ਬੁੱਢਾ ਜੀ ਨਿਵਾਸ’ ਦਾ ਨਿਰਮਾਣ ਉੱਚੀ ਸੋਚ ਅਤੇ ਨੇਕ ਉਪਰਾਲਾ: ਬੀਬੀ ਜਤਿੰਦਰਪਾਲ ਕੌਰ
(ਜਮਸ਼ੇਦਪੁਰ ਤੋਂ ਚਰਨਜੀਤ ਸਿੰਘ)
ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸਾਕਚੀ ਨੇ ਗ੍ਰੰਥੀ ਅਤੇ ਰਾਗੀ ਸਿੰਘਾਂ ਦੀ ਸੁੱਖ-ਸਹੂਲਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਲਈ ਉੱਚ-ਪੱਧਰੀ ਆਧੁਨਿਕ ਸਹੂਲਤਾਂ ਨਾਲ ਲੈਸ ‘ਬਾਬਾ ਬੁੱਢਾ ਜੀ ਨਿਵਾਸ’ ਨਿਵਾਸ ਦਾ ਨਿਰਮਾਣ ਕੀਤਾ ਹੈ, ਜਿਸ ਦਾ ਉਦਘਾਟਨ 2 ਮਾਰਚ ਨੂੰ ਕੀਤਾ ਜਾਵੇਗਾ। ਉਦਘਾਟਨੀ ਸਮਾਗਮ ਸਬੰਧੀ ਪ੍ਰਧਾਨ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਮੈਂਬਰਾਂ ਨਾਲ ਗੈਰ ਰਸਮੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 2 ਮਾਰਚ ਦਿਨ ਐਤਵਾਰ ਨੂੰ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਅਤੇ ਅਰਦਾਸ ਉਪਰੰਤ ਨਿਵਾਸ ਅਸਥਾਨ ਬਾਬਾ ਬੁੱਢਾ ਜੀ ਨਿਵਾਸ ਦੀਆਂ ਚਾਬੀਆਂ ਗੁਰਸ਼ਰਨ ਸਿੰਘ ਸਕੱਤਰ ਜਨਰਲ ਵਲੋਂ ਰਾਗੀ ਅਤੇ ਗ੍ਰੰਥੀ ਸਿੰਘਾਂ ਨੂੰ ਸੌਂਪੀਆਂ ਜਾਣਗੀਆਂ।
ਮੀਟਿੰਗ ਵਿੱਚ ਅਜੈਬ ਸਿੰਘ, ਸਤਨਾਮ ਸਿੰਘ ਘੁੰਮਣ, ਬਲਬੀਰ ਸਿੰਘ, ਜਸਬੀਰ ਸਿੰਘ ਗਾਂਧੀ, ਮਨੋਹਰ ਸਿੰਘ ਮੀਤੇ, ਰੋਹਿਤਦੀਪ ਸਿੰਘ, ਦਲਜੀਤ ਸਿੰਘ ਅਤੇ ਜੈਮਲ ਸਿੰਘ ਹਾਜ਼ਰ ਸਨ। ‘ਬਾਬਾ ਬੁੱਢਾ ਜੀ ਨਿਵਾਸ’ ਨਿਵਾਸ ਸਥਾਨ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਮੁੱਖੀ ਸਰਦਾਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਗ੍ਰੰਥੀ ਅਤੇ ਰਾਗੀ ਸਿੰਘਾਂ ਦੇ ਸਨਮਾਨ ਵਿੱਚ ਉਨ੍ਹਾਂ ਦੀ ਸਹੁਲੀਅਤ ਲਈ ਆਧੁਨਿਕ ਤਕਨੀਕ ਨਾਲ ਬਣੇ ਦੋ ਏਅਰ ਕੰਡੀਸ਼ਨਡ ਕਮਰਿਆਂ ਤੋਂ ਇਲਾਵਾ ਇੱਕ ਹਾਲ, ਰਸੋਈ ਅਤੇ ਬਾਥਰੂਮ ਬਣਾਇਆ ਗਿਆ ਹੈ।
ਜਿਕਰਯੋਗ ਹੈ ਕਿ ਸਾਕਚੀ ਗੁਰਦੁਆਰਾ ਕਮੇਟੀ ਵੱਲੋਂ ਇੱਕ ਸਾਲ ਪਹਿਲਾਂ ਨਿਵਾਸ ਸਥਾਨ ਦੀ ਉਸਾਰੀ ਦਾ ਕੰਮ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਸੰਗਤਾਂ ਦੇ ਨਾਲ ਮਿਲ ਕੇ ਸ਼ੁਰੂ ਕਰਵਾਇਆ ਸੀ ਅਤੇ ਨਿਰਮਾਣ ਕਾਰਜ ਸ਼ੁਰੂ ਹੋਣ ਤੋਂ ਬਾਅਦ ਕਰੀਬ ਇੱਕ ਸਾਲ ਵਿੱਚ ਮੁਕੰਮਲ ਹੋ ਗਿਆ ਹੈ। ਸਿੱਖ ਇਤਿਹਾਸ ਵਿੱਚ ਬਾਬਾ ਬੁੱਢਾ ਜੀ ਦਾ ਇੱਕ ਵਿਸ਼ੇਸ਼ ਸਥਾਨ ਹੈ, ਬਾਬਾ ਬੁੱਢਾ ਜੀ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਪਹਿਲੇ ਗ੍ਰੰਥੀ ਸਨ, ਇਸੇ ਕਰਕੇ ਇਸ ਨਿਵਾਸ ਸਥਾਨ ਦਾ ਨਾਮ ਉਨ੍ਹਾਂ ਦੇ ਨਾਮ ਉੱਤੇ ਰੱਖਿਆ ਗਿਆ ਹੈ। ਇਸਤਰੀ ਸਤਿਸੰਗ ਸਭਾ ਦੀ ਮੁਖੀ ਬੀਬੀ ਜਤਿੰਦਰਪਾਲ ਕੌਰ ਅਤੇ ਸੁਖਮਨੀ ਸਾਹਿਬ ਜਥੇ ਦੀ ਮੁਖੀ ਬੀਬੀ ਰਾਜ ਕੌਰ ਨੇ ਵੀ ਸਾਕਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ ‘ਤੇ ਮੁਖੀ ਨਿਸ਼ਾਨ ਸਿੰਘ ਦੀ ਸ਼ਲਾਘਾ ਕਰਦਿਆਂ ‘ਬਾਬਾ ਬੁੱਢਾ ਜੀ ਨਿਵਾਸ’ ਦੀ ਉਸਾਰੀ ਨੂੰ ਉੱਚੀ ਸੋਚ ਅਤੇ ਨੇਕ ਉਪਰਾਲਾ ਦੱਸਿਆ|