(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਇੰਡੀਆ ਤੇ ਪਾਕਿਸਤਾਨ ਦਰਮਿਆਨ ਆਪਸੀ ਤਲਖੀ ਵਧਣ ਕਾਰਨ ਹੋਈ ਹਾਲੀਆ ਜੰਗ ਬਾਰੇ ਸਾਂਝਾ ਬਿਆਨ ਜਾਰੀ ਕੀਤਾ ਹੈ। ਉਹਨਾ ਕਿਹਾ ਕਿ 1947 ਵਿਚ ਬਸਤੀਵਾਦੀ ਹਾਕਮਾਂ ਵੱਲੋਂ ਇਸ ਖਿੱਤੇ ਦੀ ਦੋ ਕੌਮਾਂ ਦੇ ਮਨਘੜਤ ਬਸਤੀਵਾਦੀ ਸਿਧਾਂਤ ਉੱਤੇ ਇੰਡੀਆ ਅਤੇ ਪਾਕਿਸਤਾਨ ਦਰਮਿਆਨ ਕੀਤੀ ਗਈ ਬਣਾਉਟੀ ਵੰਡ ਹੀ ਇਹਨਾ ਮੁਲਕਾਂ ਵਿਚਲੇ ਅੰਦਰੂਨੀ ਅਤੇ ਆਪਸੀ ਟਕਰਾਅ ਅਤੇ ਅਸਥਿਰਤਾ ਦਾ ਕਾਰਨ ਹੈ।

ਉਹਨਾ ਕਿਹਾ ਕਿ ਦੱਖਣੀ ਏਸ਼ੀਆ ਵਿਚਲਾ ਇੰਡੀਅਨ ਉਪਮਹਾਂਦੀਪ ਦਾ ਖਿੱਤਾ ਇਤਿਹਾਸਕ, ਧਾਰਮਿਕ, ਨਸਲੀ, ਸੱਭਿਆਚਾਰਕ ਤੇ ਭਾਖਾਈ ਪਛਾਣਾਂ ਦੀ ਬਹੁਲਤਾ ਵਾਲਾ ਇਕ ਵਿਲੱਖਣ ਖਿੱਤਾ ਹੈ। ਇਹ ਇਤਿਹਾਸਕ ਤੱਥ ਹੈ ਕਿ ਇਹਨਾ ਪਛਾਣਾਂ ਜਾਂ ਕੌਮਾਂ ਦੇ ਆਪਣੇ ਖੇਤਰਾਂ ਵਿਚ ਪ੍ਰਭੂਸੱਤਾਪੂਰਨ ਰਾਜ ਰਹੇ ਹਨ ਅਤੇ ਅੱਜ ਵੀ ਇਹਨਾਂ ਵਿਚ ਖੁਦਮੁਖਤਿਆਰੀ ਤੇ ਸੰਪੂਰਨ ਅਜ਼ਾਦੀ ਦੀ ਤਾਂਘ ਮੌਜੂਦ ਹੈ। ਦੱਖਣੀ ਏਸ਼ੀਆ ਦੀ ਬਹੁਪਛਾਣੀ ਫਿਤਰਤ ਅਤੇ ਸਿੱਖਾਂ ਤੇ ਕਸ਼ਮੀਰੀਆਂ ਸਮੇਤ ਇਥੇ ਵੱਸਦੀਆਂ ਸਮੂਹ ਵਿਲੱਖਣ ਪਛਾਣਾਂ ਦੀ ਰਾਜਨੀਤਕ ਉਮੰਗ ਮੁਤਾਬਿਕ ਇਸ ਖਿੱਤੇ ਦੀਆਂ ਸਿਆਸੀ ਹੱਦਾਂ ਮੁੜ ਉਲੀਕਣ ਨਾਲ ਹੀ ਇਸ ਖੇਤਰ ਵਿਚ ਸਾਂਤੀ ਤੇ ਸਥਿਰਤਾ ਲਿਆਂਦੀ ਜਾ ਸਕਦੀ ਹੈ।

ਇੰਡੀਆ ਤੇ ਪਾਕਿਸਤਾਨ ਦਰਮਿਆਨ ਹੋਈ ਹਾਲੀਆ ਜੰਗ ਦੇ ਘਟਨਾਕ੍ਰਮ ਨੇ ਦਰਸਾਇਆ ਹੈ ਕਿ ਦੱਖਣੀ ਏਸ਼ੀਆ ਤੇ ਸੰਸਾਰ ਦੇ ਹਾਲਾਤ ਵਿਚਲੀ ਅਸਥਿਰਤਾ ਕਿਸੇ ਵੀ ਸਮੇਂ ਇਸ ਖਿੱਤੇ ਨੂੰ ਜੰਗ ਦਾ ਅਖਾੜਾ ਬਣਾ ਸਕਦੀ ਹੈ ਜਿਸ ਦੇ ਬਿਲਕੁਲ ਕੇਂਦਰ ਵਿਚ ਨਾ ਚਾਹੁੰਦਿਆਂ ਹੋਇਆਂ ਵੀ ਪੰਜਾਬ ਅਤੇ ਸਿੱਖ ਆ ਜਾਣੇ ਹਨ। ਹਾਲੀਆ ਘਟਨਾਕ੍ਰਮ ਨੇ ਮੌਜੂਦਾ ਹਾਲਾਤ ਵਿਚ ਪੰਜਾਬ ਤੇ ਸਿੱਖਾਂ ਨੂੰ ਦਰਪੇਸ਼ ਖਤਰਿਆਂ ਦੀ ਇਕ ਝਲਕ ਪੇਸ਼ ਕੀਤੀ ਹੈ। ਸਿੱਖਾਂ ਨੂੰ ਇਸ ਸਾਰੇ ਹਾਲਾਤ ਵਿਚ ਵਧੇਰੇ ਗੰਭੀਰ ਹੋ ਕੇ ਚੱਲਣ ਦੀ ਲੋੜ ਹੈ। ਇਸ ਵਕਤ ਸਿੱਖ ਅੰਦਰੂਨੀ ਖਿੰਡਾਓ ਦਾ ਸ਼ਿਕਾਰ ਹਨ ਤੇ ਦਿੱਲੀ ਦਰਬਾਰ ਇਸ ਹਾਲਾਤ ਨੂੰ ਹੋਰ ਵਿਗਾੜਨ ਲਈ ਸਿੱਖਾਂ ਵਿਚ ਆਪਸੀ ਬੇਇਤਫਾਕੀ ਵਧਾ ਕੇ ਹਾਲਾਤ ਖਾਨਾਜੰਗੀ ਵੱਲ ਲਿਜਾ ਰਿਹਾ ਹੈ।

ਸਿੱਖਾਂ ਨੂੰ ਇਸ ਵੇਲੇ ਆਪਣੀ ਪਰੰਪਰਾ ਤੋਂ ਸੇਧ ਲੈਕੇ ਸਥਾਨਕ ਪੱਧਰ ਉੱਤੇ ਖੁਦਮੁਖਤਿਆਰ ਜਥਿਆਂ ਵਿਚ ਜਥੇਬੰਦ ਹੋਣ ਦੀ ਲੋੜ ਹੈ ਤਾਂ ਕਿ ਸਥਾਨਕ ਪੱਧਰ ਤੋਂ ਆਪਣੀ ਰਿਵਾਇਤ ਅਨੁਸਾਰ ਸਾਂਝੀ ਅਗਵਾਈ ਉਭਾਰੀ ਜਾ ਸਕੇ ਤੇ ਸਾਂਝੇ ਫੈਸਲੇ ਲੈਣ ਦਾ ਅਮਲ ਲਾਗੂ ਕੀਤਾ ਜਾ ਸਕੇ। ਇਸ ਅਸਥਿਰਤਾ ਦੇ ਹਾਲਾਤ ਵਿਚ ਗੁਰੂ ਖਾਲਸਾ ਪੰਥ ਦੀ ਪੰਥਕ ਨੁਮਾਇੰਦਗੀ ਲਈ ਸੰਸਾਰ ਪੱਧਰ ਉੱਤੇ ਅਸਲ ਅਕਾਲੀ ਗੁਣਾਂ ਦੀਆਂ ਧਾਰਨੀ ਸੁਯੋਗ ਸਖਸ਼ੀਅਤਾਂ ’ਤੇ ਅਧਾਰਤ ਇਕ ਨਿਸ਼ਕਾਮ ਜਥਾ ਉਜਾਗਰ ਕਰਨ ਦੀ ਲੋੜ ਹੈ ਜੋ ਕਿ ਸਾਂਝੇ ਤੇ ਨਿਰਪੱਖ ਪੰਥਕ ਧੁਰੇ ਦੀ ਭੂਮਿਕਾ ਨਿਭਾਵੇ। ਹਾਲੀਆ ਘਟਨਾਕ੍ਰਮ ਨੇ ਵਿਖਾਇਆ ਹੈ ਕਿ ਅਨਿਸ਼ਚਿਤਤਾ ਤੇ ਅਸਥਿਰਤਾ ਦੇ ਇਸ ਦੌਰ ਵਿਚ ਕੋਈ ਵੀ ਇਕ ਘਟਨਾ ਪੰਜਾਬ ਨੂੰ ਜੰਗ ਦਾ ਅਖਾੜਾ ਬਣਾ ਕੇ ਸਿੱਖਾਂ ਨੂੰ ਜੰਗ ਦੀ ਭੱਠੀ ਵਿਚ ਸੁੱਟ ਸਕਦੀ ਹੈ।

ਇਸ ਲਈ ਹਾਲਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਗੁਰੂ ਵਰੋਸਾਈ ਧਰਤ ਪੰਜਾਬ ਦੀ ਬਿਹਤਰੀ ਲਈ ਤੇ ਇਸ ਖਿੱਤੇ ਵਿਚ ਨਪੀੜੀਆਂ ਜਾ ਰਹੀਆਂ ਧਿਰਾਂ ਦੇ ਹਮਦਰਦਾਂ ਵਜੋਂ ਸਿੱਖਾਂ ਨੂੰ ਆਪਣੀ ਅੰਦਰੂਨੀ ਸਫਬੰਦੀ ਸੂਤਰਬਧ ਕਰਨ ਵਾਸਤੇ ਆਪਸੀ ਸੰਵਾਦ ਸ਼ੁਰੂ ਕਰਨ ਦੀ ਫੌਰੀ ਲੋੜ ਹੈ। ਅਸੀਂ ਇਸ ਦਿਸ਼ਾ ਵਿਚ ਪਹਿਲਕਦਮੀ ਕਰਨ ਦਾ ਸਮੂਹ ਸੁਹਿਰਦ ਸਿੱਖ ਹਿੱਸਿਆਂ ਨੂੰ ਸੱਦਾ ਦਿੰਦੇ ਹਾਂ। ਇਸ ਮੌਕੇ ਭਾਈ ਦਲਜੀਤ ਸਿੰਘ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਰਾਜਿੰਦਰ ਸਿੰਘ ਮੁਗ਼ਲਵਾਲਾ, ਭਾਈ ਸਤਿਨਾਮ ਸਿੰਘ ਖੰਡਾ, ਭਾਈ ਸਤਿਨਾਮ ਸਿੰਘ ਝੰਜੀਆਂ, ਭਾਈ ਲਾਲ ਸਿੰਘ ਅਕਾਲਗ੍ਹੜ, ਭਾਈ ਮਨਜੀਤ ਸਿੰਘ ਫਗਵਾੜਾ, ਭਾਈ ਅਮਰੀਕ ਸਿੰਘ ਇਸੜੂ, ਭਾਈ ਸੁਖਦੇਵ ਸਿੰਘ ਡੋਡ ਸਮੇਤ ਵਡੀ ਗਿਣਤੀ ਵਿਚ ਜੱਥੇਬੰਦੀ ਦੇ ਕਾਰਕੁਨ ਹਾਜਿਰ ਸਨ

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version