(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

         

ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਮੋਂਟਰਿਅਲ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਮਹੀਨਾਵਰੀ ਸਮਾਗਮ ਕਰਵਾਇਆ ਗਿਆ। ਜਿਸ ਸਮਾਗਮ ਵਿੱਚ ਨੌਜਵਾਨ ਬੱਚੇ ਬੱਚੀਆਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿੱਚ ਸ੍ਰੀ ਚੌਪਈ ਸਾਹਿਬ ਜੀ ਦੇ ਜਾਪ ਸੰਗਤੀ ਰੂਪ ਵਿੱਚ ਕੀਤੇ ਗਏ ਉਪਰੰਤ ਬੰਦੀ ਸਿੰਘਾਂ ਦੀ ਰਿਹਾਈ ਕਿਸਾਨ ਮੋਰਚੇ ਦੀ ਸਫਲਤਾ ਅਤੇ ਕੌਮੀ ਘਰ ਖਾਲਸਾ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ।

ਇਸ ਮੌਕੇ ਭਾਈ ਜੋਬਨਜੀਤ ਸਿੰਘ ਨੇ ਵਿਸਥਾਰ ਨਾਲ ਅੰਤਰਰਾਸ਼ਟਰੀ ਵਿਦਿਆਰਥਣਾ ਦੇ ਸੰਬੰਧ ਵਿੱਚ ਇਕੱਤਰ ਕੀਤੀ ਮਾਇਆ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਕੌਮੀ ਏਕਤਾ ਲਈ ਆਪਣੇ ਵਿਚਾਰ ਸਾਂਝੇ ਕੀਤੇ, ਭਾਈ ਸੰਤੋਖ ਸਿੰਘ ਖੇਲਾ ਨੇ ਖਾਲਿਸਤਾਨ ਰੈਫਰੈਂਡਮ ਲਈ ਅਮਰੀਕਾ ਵਿੱਚ ਪੈਣ ਵਾਲੀ ਵੋਟਾਂ ਲਈ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸੋਚ ਤੇ ਪਹਿਰਾ ਦੇਣ ਲਈ ਅਪੀਲ ਕੀਤੀ ਗਈ, ਉੱਥੇ 18 ਮਾਰਚ ਨੂੰ ਭਾਰਤੀ ਅੰਬੈਸੀ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨ ਲਈ ਵੱਧ ਤੋਂ ਵੱਧ ਸੰਗਤਾਂ ਨੂੰ ਪਹੁੰਚਣ ਲਈ ਅਪੀਲ ਕੀਤੀ।

ਭਾਈ ਪਰਮਿੰਦਰ ਸਿੰਘ ਪਾਂਗਲੀ ਨੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਨਾਮ ਤੇ ਅੰਤਰਰਾਸ਼ਟਰੀ ਵਿਦਿਆਰਥਣਾ ਦੀ ਸੇਵਾ ਸੰਭਾਲ ਲਈ ਸ਼ੁਰੂ ਕੀਤੀ ਗਈ ਸਕਾਲਸ਼ਿਪ ਦੇਣ ਦੀ ਸ਼ਲਾਘਾ ਕੀਤੀ। ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਅਤੇ ਸਮੂਹ ਸ਼ਹੀਦਾਂ ਦੀਆਂ ਸ਼ਹਾਦਤਾਂ ਨੇ ਸਿੱਖ ਕੌਮ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ ਉੱਥੇ ਭਾਰਤੀ ਹਕੂਮਤ ਦਾ ਕਰੂਰ ਚਿਹਰਾ ਵੀ ਦੁਨੀਆ ਭਰ ਵਿੱਚ ਨੰਗਾ ਕੀਤਾ ਹੈ। ਭਾਈ ਪ੍ਰਭਸਰਵਣ ਸਿੰਘ ਨੇ ਸਿੱਖ ਕੌਮ ਨੂੰ ਦਰਪੇਸ਼ ਮਸਲੇ ਅਤੇ ਉਹਨਾਂ ਦੇ ਹੱਲ ਲਈ ਕੌਮੀ ਏਕਤਾ ਲਈ ਅਪੀਲ ਕਰਦਿਆਂ ਕਿਹਾ ਕਿ ਅੱਜ ਸਾਡੀ ਕੌਮ ਦੇ ਹਾਲਾਤ ਬਹੁਤ ਨਾਜ਼ਕ ਬਣੇ ਹੋਏ ਹਨ ਜਿਵੇਂ ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲਾਂ ਦੀ ਆਪਸੀ ਖਿੱਚੋਤਾਣ ਕਾਰਨ ਸਿੱਖ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਚਰਨਜੀਤ ਸਿੰਘ ਸੁੱਜੋ ਨੇ ਕਿਹਾ ਅੰਤਰਰਾਸ਼ਟਰੀ ਵਿਦਿਆਰਥਣਾ ਮਾਤਾ ਸਾਹਿਬ ਕੌਰ ਦੀਆਂ ਸਪੁੱਤਰੀਆਂ ਅਤੇ ਮਾਈ ਭਾਗ ਕੌਰ ਦੀਆਂ ਵਾਰਸਾਂ ਹਨ ਜਿਸ ਤਰਾਂ ਮਾਈ ਭਾਗ ਕੌਰ ਜੀ ਨੇ 40 ਮੁਕਤਿਆਂ ਨੂੰ ਤਾਅਨਾ ਮਾਰ ਕੇ ਉਹਨਾਂ ਦੀ ਅਣਖ ਨੂੰ ਜਗਾ ਕੇ ਸ਼ਹਾਦਤ ਦੇ ਰਾਹ ਤੋਰਿਆ ਹੈ। ਸਾਡੀਆਂ ਬੱਚੀਆਂ ਨੂੰ ਵੀ ਮਾਈ ਭਾਗ ਕੌਰ ਦੀਆਂ ਵਾਰਸਾਂ ਬਣਨ ਲਈ ਜਿੱਥੇ ਆਪਣੇ ਕਿਰਦਾਰ ਨੂੰ ਉੱਚਾ ਚੁੱਕਣ ਦੀ ਲੋੜ ਹੈ ਉਥੇ ਸਾਨੂੰ ਗੁਰਬਾਣੀ ਪੜ੍ਹ ਕੇ ਆਪਣਾ ਜੀਵਨ ਬਣਾਉਣਾ ਵੀ ਜਰੂਰੀ ਹੈ। ਅਖੀਰ ਵਿੱਚ ਅੰਤਰਰਾਸ਼ਟਰੀ ਚਾਰ ਵਿਦਿਆਰਥਨਾਂ ਨੂੰ ਸਕਾਲਰਸ਼ਿਪ ਦੇਣ ਲਈ ਡਰਾਅ ਕੱਢੇ ਗਏ। ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਬਲਰਾਜ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਜਨਰਲ ਸੈਕਟਰੀ ਨੇ ਸਿੱਖ ਸੰਗਤਾਂ ਅਤੇ ਆਏ ਹੋਏ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਨੌਜਵਾਨ ਬੱਚਿਆਂ ਅਤੇ ਬੱਚੀਆਂ ਨੂੰ ਦਸਤਾਰ ਦੁਮਾਲੇ ਦੀਆਂ ਕਲਾਸਾਂ ਰਾਹੀਂ ਵੱਡੀ ਪੱਧਰ ਤੇ ਸਿੱਖੀ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰਦੇ ਰਹਾਂਗੇ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version