ਕੀਰ ਸਟਾਰਮਰ ਨੇ ਚੋਣਾਂ ਤੋਂ ਪਹਿਲਾਂ ਸਿੱਖਾਂ ਨੂੰ ਜਾਂਚ ਕਰਵਾਉਣ ਦਾ ਦਿੱਤਾ ਸੀ ਭਰੋਸਾ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸਾਲ 1978 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਲਈ ਸ਼ਹੀਦ ਹੋਏ ਅਖੰਡ ਕੀਰਤਨੀ ਜੱਥੇ ਦੇ ਮੋਢੀ ਸਿੰਘ ਭਾਈ ਫੌਜਾ ਸਿੰਘ ਦੀ ਧਰਮ ਸੁਪਤਨੀ ਬੀਬੀ ਅਮਰਜੀਤ ਕੌਰ ਦੇ ਬੀਤੇ ਦਿਨੀਂ ਹੋਏ ਅਕਾਲ ਚਲਾਣੇ ‘ਤੇ ਸਿੱਖ ਫੈਡਰੇਸ਼ਨ ਯੂਕੇ ਦੇ ਸਮੂਹ ਮੈਂਬਰਾਂ ਵਲੋਂ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਗਈ ਹੈ। ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ ਅਤੇ ਬੀਪੀਓ ਭਾਈ ਦੱਬਿਦਰਜੀਤ ਸਿੰਘ ਨੇ ਮੀਡੀਆ ਨੂੰ ਭੇਜੇ ਪ੍ਰੈਸ ਨੌਟ ਰਾਹੀਂ ਦਸਿਆ ਕਿ ਜੂਨ 1984 ‘ਚ ਭਾਰਤੀ ਫ਼ੌਜ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ ਬੇਹੂਰਮਤੀ ਦੇ ਨਾਲ ਸੈਂਕੜੇ ਸਿੱਖਾਂ ਦੀ ਮੌਤਾਂ ਅਤੇ ਯੂ.ਕੇ. ਵਿਚਕਾਰ ਸੰਭਾਵੀ ਸੰਬੰਧਾਂ ਦੀ ਜਾਂਚ ਸ਼ੁਰੂ ਕਰਨ ‘ਚ ਲੇਬਰ ਪਾਰਟੀ ਦੇ ਅਸਫ਼ਲ ਰਹਿਣ ਤੋਂ ਬਾਅਦ ਸਿੱਖਾਂ ‘ਚ ਭਾਰੀ ਰੋਹ ਪਾਇਆ ਜਾ ਰਿਹਾ ਹੈ.
ਸਿੱਖ ਫੈਡਰੇਸ਼ਨ ਦੇ ਆਗੂਆਂ ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਸਿੱਖ ਫੈਡਰੇਸ਼ਨ ਨੇ ਵਿਦੇਸ਼ ਸਕੱਤਰ ਡੇਵਿਡ ਲੈਮੀ ਨੂੰ ਲੇਬਰ ਪਾਰਟੀ ਦੇ ਸੱਤਾ ਸੰਭਾਲਣ ਤੋਂ ਬਾਅਦ ਪੰਜ ਵਾਰ ਪੱਤਰ ਲਿਖਿਆ ਹੈ, ਜਿਸ ਦਾ ਕੋਈ ਜਵਾਬ ਨਹੀਂ ਮਿਲਿਆ, ਜਦਕਿ ਸਰ ਕੀਰ ਸਟਾਰਮਰ ਨੇ 2022 ‘ਚ ਸਿੱਖਾਂ ਨੂੰ ਇਕ ਪੱਤਰ ਲਿਖ ਕੇ ਵਾਅਦਾ ਕੀਤਾ ਸੀ ਕਿ ਲੇਬਰ ਸਰਕਾਰ ਬਣਨ ‘ਤੇ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ‘ਤੇ 1984 ‘ਚ ਭਾਰਤੀ ਫ਼ੌਜ ਦੇ ਹਮਲੇ ‘ਚ ਬਰਤਾਨੀਆ ਦੀ ਭੂਮਿਕਾ ਦੀ ਇਕ ਸੁਤੰਤਰ ਜਾਂਚ ਸ਼ੁਰੂ ਕਰੇਗੀ। 2014 ਵਿਚ ਖ਼ੁਲਾਸਾ ਹੋਇਆ ਕਿ ਯੂ.ਕੇ. ਸਰਕਾਰ ਦਰਬਾਰ ਸਾਹਿਬ ਦੇ ਹਮਲੇ ਨਾਲ ਜੁੜੀ ਹੋ ਸਕਦੀ ਹੈ।
ਬਰਤਾਨਵੀ ਸਰਕਾਰ ਦੇ ਜਾਰੀ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਕਿ ਮਾਰਗਰੇਟ ਥੈਚਰ ਨੂੰ ਭਾਰਤੀ ਫ਼ੌਜ ਵਲੋਂ ਹਮਲਾ ਕਰਨ ਦੇ ਇਰਾਦੇ ਬਾਰੇ ਪਤਾ ਸੀ ਅਤੇ ਹਮਲੇ ਤੋਂ ਕੁਝ ਮਹੀਨੇ ਪਹਿਲਾਂ ਇਕ ਬਰਤਾਨਵੀ ਐਸ.ਏ.ਐਸ. ਦੇ ਅਧਿਕਾਰੀ ਨੇ ਭਾਰਤ ਸਰਕਾਰ ਨੂੰ ਸਲਾਹ ਦਿੱਤੀ ਸੀ, ਜਿਸ ਦੀ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਸਿਵਲ ਸੇਵਕ ਜੇਰੇਮੀ ਹੇਵੁੱਡ ਤੋਂ ਕਰਵਾਈ ਜਾਂਚ ਵਿਚ ਸਾਹਮਣੇ ਆਇਆ ਕਿ ਘਟਨਾ ਤੋਂ ਲਗਭਗ ਚਾਰ ਮਹੀਨੇ ਪਹਿਲਾਂ ਭਾਰਤ ਸਰਕਾਰ ਦੀ ਬੇਨਤੀ ‘ਤੇ ਇਕ ਯੂ.ਕੇ. ਫ਼ੌਜੀ ਅਧਿਕਾਰੀ ਨੇ ਕੁਝ ਸਲਾਹ ਦਿੱਤੀ ਸੀ ਪਰ ਆਲੋਚਨਾਤਮਕ ਤੌਰ ‘ਤੇ ਇਸ ਸਲਾਹ ਦੀ ਪਾਲਣਾ ਨਹੀਂ ਕੀਤੀ ਗਈ.
ਸਾਬਕਾ ਪ੍ਰਧਾਨ ਮੰਤਰੀ ਨੇ ਸ਼ਪਸ਼ਟ ਤੌਰ ‘ਤੇ ਕਿਹਾ ਸੀ ਕਿ ਇਸ ਕਾਰਵਾਈ ‘ਚ ਯੂ.ਕੇ. ਸਰਕਾਰ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਹੈ ਪਰ ਸਿੱਖਾਂ ਵਲੋਂ ਉਕਤ ਰਿਪੋਰਟ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਸੀ ਅਤੇ ਇਸ ਦੇ ਨਾਲ ਸੰਬੰਧਿਤ ਸਾਰੇ ਦਸਤਾਵੇਜ਼ਾਂ ਨੂੰ ਜਾਰੀ ਕਰਨ ਦੀ ਮੰਗ ਕਰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ। ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ 6 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ‘ਤੇ ਵੀ ਲੇਬਰ ਸਰਕਾਰ ਨੇ ਉਕਤ ਮਾਮਲੇ ਵਿਚ ਕੋਈ ਦਿਲਚਸਪੀ ਨਹੀਂ ਵਿਖਾਈ, ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ‘ਚ ਰੋਸ ਪਾਇਆ ਜਾ ਰਿਹਾ ਹੈ। ਹੁਣ ਸਲੋਹ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵਲੋਂ ਉਕਤ ਮਾਮਲੇ ਨੂੰ ਮੁੜ ਸੰਸਦ ਵਿਚ ਉਠਾਉਣ ਨਾਲ ਆਸ ਬੱਝੀ ਹੈ ਕਿ ਸਿੱਖਾਂ ਨੂੰ 40 ਸਾਲ ਪਹਿਲਾਂ ਦੇ ਵਰਤਾਰੇ ਬਾਰੇ ਕੋਈ ਸ਼ਪਸ਼ਟ ਜਾਣਕਾਰੀ ਮਿਲ ਸਕੇਗੀ।